Salute to the dedication; only one female student left in the entire school! The teacher walks 5 km on foot to come and teach
ਜਜ਼ਬੇ ਨੂੰ ਸਲਾਮ ; ਪੂਰੇ ਸਕੂਲ ‘ਚ ਰਹਿ ਗਈ ਸਿਰਫ਼ 1 ਵਿਦਿਆਰਥਣ ! ਪੜ੍ਹਾਉਣ ਲਈ 5 KM ਪੈਦਲ ਚੱਲ ਕੇ ਆਉਂਦੇ Sir Ji
ਕੋਲਹਾਪੁਰ (ਆਵਾਜ਼ਿ ਕੌਮ ਬਿਊਰੋ)- ਸਵੇਰੇ ਜਦੋਂ ਜ਼ਿਆਦਾਤਰ ਅਧਿਆਪਕ ਬੱਸ, ਕਾਰ ਜਾਂ ਹੋਰ ਸਾਧਨਾਂ ਨਾਲ ਸਕੂਲ ਪਹੁੰਚਦੇ ਹਨ, ਉੱਥੇ ਹੀ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਵਿਚ 55 ਸਾਲਾ ਅਧਿਆਪਕ ਜੀਵਨ ਮਿਆਰੀ ਰੋਜ਼ ਕਰੀਬ ਪੰਜ ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਦੇ ਹਨ। ਰਸਤੇ ਵਿਚ ਸੰਘਣਾ ਜੰਗਲ, ਤੇਜ਼ ਮੀਂਹ, ਤੇਂਦੁਏ ਅਤੇ ਜੰਗਲੀ ਝੋਟੇ ਵਰਗੇ ਜੰਗਲੀ ਜਾਨਵਰਾਂ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਦਾ ਮਕਸਦ ਦੂਰ-ਦੁਰਾਡੇ ਇਲਾਕੇ ਦੇ ਇਕ ਸਕੂਲ ’ਚ ਪੜ੍ਹਨ ਵਾਲੀ ਇਕਲੌਤੀ ਵਿਦਿਆਰਥਣ ਦੀ ਪੜ੍ਹਾਈ ਨੂੰ ਜਾਰੀ ਰੱਖਣਾ ਹੈ। ਮਿਆਰੀ ਗਗਨਬਾਵੜਾ ਤਾਲੁਕਾ ਦੇ ਕਵਲਟੇਕ ਧਨਗਰਵਾੜਾ ਸਥਿਤ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ’ਚ ਪਿਛਲੇ 13 ਸਾਲਾਂ ਤੋਂ ਪੜ੍ਹਾ ਰਹੇ ਹਨ। ਸਿੰਧੂਦੁਰਗ ਸਰਹੱਦ ਨਾਲ ਲੱਗਦੇ ਇਸ ਦੂਰ-ਦੁਰਾਡੇ ਪਿੰਡ ਵਿਚ ਬਿਜਲੀ ਤੱਕ ਨਹੀਂ ਹੈ ਅਤੇ ਸਕੂਲ ਤੱਕ ਵਾਹਨ ਪਹੁੰਚਣ ਲਈ ਸੜਕ ਵੀ ਨਹੀਂ ਹੈ। ਮੁੱਖ ਮਾਰਗ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਸਕੂਲ ਤੱਕ ਆਉਣ-ਜਾਣ ਲਈ ਮਿਆਰੀ ਨੂੰ ਰੋਜ਼ ਲਗਭਗ ਪੰਜ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਇਕ ਸਮੇਂ ਕਵਲਟੇਕ ਅਤੇ ਆਨੰਦੁਰ ਧਨਗਰਵਾੜਾ ਵਿਚ 70 ਤੋਂ 100 ਪਰਿਵਾਰ ਰਹਿੰਦੇ ਸਨ। ਬੱਚਿਆਂ ਦੀ ਗਿਣਤੀ ਚੰਗੀ ਹੋਣ ਕਰ ਕੇ ਸਕੂਲ ਵੀ ਚਹਿਲ-ਪਹਿਲ ਨਾਲ ਭਰਿਆ ਰਹਿੰਦਾ ਸੀ। ਸਾਲ 2000 ਤੋਂ ਬਾਅਦ ਰੁਜ਼ਗਾਰ ਅਤੇ ਬਿਹਤਰ ਰੋਜ਼ੀ-ਰੋਟੀ ਦੀ ਭਾਲ ਵਿਚ ਪਿੰਡ ਵਾਸੀਆਂ ਨੇ ਕੋਲਹਾਪੁਰ ਸ਼ਹਿਰ ਵੱਲ ਜਾਣਾ ਸ਼ੁਰੂ ਕੀਤਾ। ਹੌਲੀ-ਹੌਲੀ ਪਿੰਡ ਉੱਜੜਦਾ ਗਿਆ ਅਤੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵੀ ਘਟਦੀ ਗਈ। ਹੁਣ ਇੱਥੇ ਸਰਕਾਰੀ ਤੌਰ ’ਤੇ ਤੀਜੀ ਜਮਾਤ ਵਿਚ ਪੜ੍ਹਨ ਵਾਲੀ ਸਵਰਾ ਬੋਡਕੇ ਹੀ ਇਕਲੌਤੀ ਵਿਦਿਆਰਥਣ ਹੈ। ਮਿਆਰੀ ਨੇ 26 ਜੁਲਾਈ 2013 ਨੂੰ ਇਸ ਸਕੂਲ ਵਿਚ ਪਹਿਲੀ ਵਾਰ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਕੋਲਹਾਪੁਰ ਜ਼ਿਲ੍ਹਾ ਪ੍ਰਾਇਮਰੀ ਅਧਿਆਪਕ ਸਹਿਕਾਰੀ ਬੈਂਕ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੇ ਕੁਝ ਸਾਥੀਆਂ ਨੇ ਕਦੇ ਤਾਅਨੇ-ਮਿਹਣੇ ਮਾਰੇ ਸਨ ਕਿ ਰਸੂਖਦਾਰ ਅਧਿਆਪਕ ਆਸਾਨ ਥਾਵਾਂ ’ਤੇ ਪੋਸਟਿੰਗ ਹਾਸਲ ਕਰ ਲੈਂਦੇ ਹਨ, ਜਦਕਿ ਆਮ ਅਧਿਆਪਕਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਭੇਜ ਦਿੱਤਾ ਜਾਂਦਾ ਹੈ। ਮਿਆਰੀ ਨੇ ਇਸ ਟਿੱਪਣੀ ਨੂੰ ਚੁਣੌਤੀ ਵਜੋਂ ਲਿਆ ਅਤੇ ਖੁਦ ਇਸ ਪਿੰਡ ਵਿਚ ਤਬਾਦਲਾ ਕਰਵਾਇਆ। ਸਕੂਲ ਤੱਕ ਪਹੁੰਚਣ ਦਾ ਰਸਤਾ ਜੰਗਲ ’ਚੋਂ ਹੋ ਕੇ ਲੰਘਦਾ ਹੈ ਅਤੇ ਇੱਥੇ ਜੰਗਲੀ ਜਾਨਵਰਾਂ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਮਿਆਰੀ ਦੇ ਮੁਤਾਬਕ, ਇਲਾਕੇ ਵਿਚ ਜੰਗਲੀ ਝੋਟੇ ਅਤੇ ਤੇਂਦੁਏ ਅਕਸਰ ਦਿਖਾਈ ਦਿੰਦੇ ਹਨ। ਇਕ ਵਾਰ ਬਸਤੀ ਨੇੜੇ ਤੇਂਦੁਏ ਨੇ ਵੱਛੇ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਟ੍ਰੈਪ ਕੈਮਰਿਆਂ ਵਿਚ ਉਸ ਦੀਆਂ ਸੈਂਕੜੇ ਤਸਵੀਰਾਂ ਰਿਕਾਰਡ ਹੋਈਆਂ ਸਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮਿਆਰੀ ਨੂੰ ਰਸਤੇ ਵਿਚ ਕਿਤੇ ਵੀ ਰੁਕਣ ਤੋਂ ਬਚਣ ਦੀ ਸਲਾਹ ਦਿੱਤੀ। ਪਿੰਡ ਵਿਚ ਆਂਗਣਵਾੜੀ ਕੇਂਦਰ ਨਾ ਹੋਣ ਕਰ ਕੇ ਸਵਰਾ ਦੀ ਛੋਟੀ ਭੈਣ ਵੀ ਉਸ ਦੇ ਨਾਲ ਸਕੂਲ ਆਉਂਦੀ ਹੈ। ਉਹ ਅਗਲੇ ਸਾਲ ਪਹਿਲੀ ਜਮਾਤ ਵਿਚ ਦਾਖਲਾ ਲਵੇਗੀ। ਮਿਆਰੀ ਕਹਿੰਦੇ ਹਨ ਕਿ ਬੱਚਿਆਂ ਦੀ ਗਿਣਤੀ ਘੱਟ ਹੋਵੇ ਜਾਂ ਵੱਧ, ਅਧਿਆਪਕ ਦਾ ਫ਼ਰਜ਼ ਨਹੀਂ ਬਦਲਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਈਮਾਨਦਾਰੀ ਨਾਲ ਨਿਭਾਉਣੀ ਹੈ।

