Securing a job abroad has become difficult! Costly visa sponsorship has increased challenges for Indians
ਵਿਦੇਸ਼ ’ਚ ਨੌਕਰੀ ਮਿਲਣੀ ਹੋਈ ਔਖੀ ! ਮਹਿੰਗੇ ਵੀਜ਼ਾ ਸਪਾਂਸਰਸ਼ਿਪ ਨੇ ਵਧਾਈਆਂ ਭਾਰਤੀਆਂ ਦੀਆਂ ਮੁਸ਼ਕਲਾਂ
ਬੈਂਗਲੁਰੂ, (ਆਵਾਜ਼ਿ ਕੌਮ ਬਿਊਰੋ)-ਵਿਦੇਸ਼ ’ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਹੀ ਨੌਕਰੀ ਅਤੇ ਕਰੀਅਰ ਬਣਾਉਣ ਦਾ ਸੁਪਨਾ ਵੇਖਣ ਵਾਲੇ ਭਾਰਤੀ ਨੌਜਵਾਨਾਂ ਦੇ ਸਾਹਮਣੇ ਹੁਣ ਇਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਬ੍ਰਿਟੇਨ (ਯੂ. ਕੇ.) ’ਚ ਵਰਕ ਵੀਜ਼ਾ ਦੇ ਨਿਯਮਾਂ ਅਤੇ ਘੱਟੋ-ਘੱਟ ਤਨਖਾਹ ਹੱਦ ’ਚ ਲਗਾਤਾਰ ਵਾਧੇ ਨੇ ਕੰਪਨੀਆਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਸਪਾਂਸਰ ਕਰਨਾ ਮਹਿੰਗਾ ਕਰ ਦਿੱਤਾ ਹੈ। ਇਸ ਦਾ ਅਸਰ ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਦੇ ਕਰੀਅਰ ਬਦਲਾਂ ’ਤੇ ਵਿਖਾਈ ਦੇਣ ਲੱਗਾ ਹੈ। ਕਈ ਨੌਜਵਾਨ ਹੁਣ ਯੂ. ਕੇ. ’ਚ ਨੌਕਰੀ ਲੱਭਣ ਦੀ ਬਜਾਏ ਭਾਰਤ ਪਰਤਣ ਜਾਂ ਭਾਰਤ ’ਚ ਨੌਕਰੀ ਲੱਭਣ ’ਤੇ ਵਿਚਾਰ ਕਰ ਰਹੇ ਹਨ। ਇਕ ਮੀਡੀਆ ਰਿਪੋਰਟ ’ਚ ਦੱਸਿਆ ਗਿਆ ਹੈ ਕਿ 25 ਸਾਲਾ ਇਕ ਵਿਦਿਆਰਥੀ ਨੇ 2024 ’ਚ ਯੂ. ਕੇ. ’ਚ ਕਮਿਊਨੀਕੇਸ਼ਨਜ਼ ਐਂਡ ਮੀਡੀਆ ਦਾ ਕੋਰਸ ਪੂਰਾ ਕੀਤਾ ਸੀ। ਉਸ ਕੋਲ ਉੱਥੇ ਨੌਕਰੀ ਲੱਭਣ ਲਈ ਲੱਗਭਗ 2 ਸਾਲ ਦਾ ਸਮਾਂ ਸੀ। ਇਸ ਦੇ ਬਾਵਜੂਦ ਉਸ ਨੂੰ 2 ਕੰਪਨੀਆਂ ਨੇ ਨੌਕਰੀ ਦੇਣ ’ਚ ਅਸਮਰੱਥਾ ਪ੍ਰਗਟਾਈ, ਕਿਉਂਕਿ ਉਹ ਲੰਬੇ ਸਮੇਂ ਤੱਕ ਵੀਜ਼ਾ ਸਪਾਂਸਰਸ਼ਿਪ ਦਾ ਖਰਚਾ ਨਹੀਂ ਚੁੱਕ ਸਕਦੀਆਂ ਸਨ। ਵਿਦਿਆਰਥੀ ਅਨੁਸਾਰ ਕੰਪਨੀਆਂ ਨੇ ਮੰਨਿਆ ਕਿ ਉਹ ਯੋਗ ਹੈ ਪਰ ਭਵਿੱਖ ’ਚ ਉਸ ਦੀ ਵੀਜ਼ਾ ਸਪਾਂਸਰਸ਼ਿਪ ਕਰਨਾ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ। ਵੀਜ਼ਾ ਨਿਯਮਾਂ ’ਚ ਪਿਛਲੇ 2 ਸਾਲਾਂ ਦੌਰਾਨ ਘੱਟੋ-ਘੱਟ 2 ਵਾਰ ਬਦਲਾਅ ਹੋਇਆ ਹੈ। ਸਕਿਲਡ ਵਰਕਰ ਵੀਜ਼ਾ ਲਈ ਘੱਟੋ-ਘੱਟ ਤਨਖਾਹ ਹੱਦ 2024 ’ਚ ਕਰੀਬ 35,409 ਡਾਲਰ (ਲੱਗਭਗ 31.16 ਲੱਖ ਰੁਪਏ) ਸੀ। ਅਪ੍ਰੈਲ 2025 ਤੱਕ ਇਹ ਵਧ ਕੇ ਕਰੀਬ 52,303 ਡਾਲਰ (ਲੱਗਭਗ 46.03 ਲੱਖ ਰੁਪਏ) ਅਤੇ ਜੁਲਾਈ 2025 ’ਚ ਕਰੀਬ 56,358 ਡਾਲਰ (ਲੱਗਭਗ 49.60 ਲੱਖ ਰੁਪਏ) ਹੋ ਗਈ। ਯੂ. ਕੇ. ’ਚ ਵਧਦੀਆਂ ਮੁਸ਼ਕਲਾਂ ਦਾ ਅਸਰ ਹੁਣ ਭਾਰਤੀ ਕੰਪਨੀਆਂ ਦੀ ਭਰਤੀ ਰਣਨੀਤੀ ’ਤੇ ਵੀ ਪੈ ਰਿਹਾ ਹੈ। ਬੈਂਗਲੁਰੂ ਦੀ ਇਕ ਕੰਪਨੀ ਨੇ ਹਾਲ ਹੀ ’ਚ ਏ. ਆਈ./ਐੱਮ. ਐੱਲ. ਇੰਜੀਨੀਅਰ ਦੀ ਨੌਕਰੀ ਲਈ ਇਸ਼ਤਿਹਾਰ ’ਚ ‘ਰਿਵਰਸ ਬ੍ਰੇਨ ਡ੍ਰੇਨ’ ਨੂੰ ਪ੍ਰਮੁੱਖਤਾ ਦਿੱਤੀ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟ੍ਰੀਜ਼, ਮਹਿੰਦਰਾ ਆਟੋਮੋਟਿਵ ਅਤੇ ਐਕਸਿਸ ਬੈਂਕ ਵਰਗੀਆਂ ਕੰਪਨੀਆਂ ਨੇ ਵੀ ਵਿਦੇਸ਼ ਤੋਂ ਭਾਰਤ ਪਰਤਣ ਵਾਲੇ ਪ੍ਰੋਫੈਸ਼ਨਲਜ਼ ਲਈ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦਿਆਰਥੀ ਘੱਟੋ-ਘੱਟ 9 ਲੱਖ ਰੁਪਏ ਸਾਲਾਨਾ ਤਨਖਾਹ ਵਾਲੀ ਨੌਕਰੀ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂ. ਕੇ. ’ਚ ਹੋਣ ਵਾਲੀ ਕਮਾਈ ਦਾ ਵੱਡਾ ਹਿੱਸਾ ਉੱਥੋਂ ਦੇ ਵਧਦੇ ਖਰਚਿਆਂ ’ਚ ਚਲਾ ਜਾਂਦਾ ਹੈ। ਹਾਲਾਂਕਿ ਉਹ ਉਦੋਂ ਤੱਕ ਭਾਰਤ ਪਰਤਣ ਨੂੰ ਤਿਆਰ ਨਹੀਂ ਸਨ, ਜਦੋਂ ਤੱਕ ਉਨ੍ਹਾਂ ਨੂੰ ਅਜਿਹੀ ਨੌਕਰੀ ਨਾ ਮਿਲ ਜਾਵੇ ਜਿਸ ਨਾਲ ਉਹ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਚੁਕਾ ਸਕਣ। ਇਹ ਸਥਿਤੀ ਦੱਸਦੀ ਹੈ ਕਿ ਵਿਦੇਸ਼ ਤੋਂ ਪਰਤਣ ਵਾਲੇ ਨੌਜਵਾਨਾਂ ਲਈ ਸਿਰਫ ਭਾਰਤ ਵਾਪਸ ਆਉਣਾ ਹੱਲ ਨਹੀਂ ਹੈ। ਉਨ੍ਹਾਂ ਨੂੰ ਆਪਣੇ ਤਜਰਬੇ, ਕਰਜ਼ੇ ਅਤੇ ਜੀਵਨ-ਨਿਰਵਾਹ ਦੀਆਂ ਲੋੜਾਂ ਅਨੁਸਾਰ ਨੌਕਰੀ ਵੀ ਚਾਹੀਦੀ ਹੈ। ਯੂ. ਕੇ. ਦੇ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਅਨੁਸਾਰ, 2025 ’ਚ ਸਮਾਪਤ ਹੋਏ ਸਾਲ ਦੌਰਾਨ ਅਨੁਮਾਨਿਤ 2.78 ਲੱਖ ਗੈਰ-ਯੂਰਪੀਨ ਯੂਨੀਅਨ ਨਾਗਰਿਕਾਂ ਨੇ ਲੰਬੇ ਸਮੇਂ ਲਈ ਯੂ. ਕੇ. ਛੱਡਿਆ। ਇਨ੍ਹਾਂ ’ਚ ਭਾਰਤੀ ਸਭ ਤੋਂ ਵੱਡਾ ਰਾਸ਼ਟਰੀ ਸਮੂਹ ਰਹੇ। ਭਾਰਤੀਆਂ ਤੋਂ ਬਾਅਦ ਚੀਨੀ ਨਾਗਰਿਕਾਂ ਦੀ ਗਿਣਤੀ ਰਹੀ। ਇਹ ਅੰਕੜਾ ਦੱਸਦਾ ਹੈ ਕਿ ਯੂ. ਕੇ. ’ਚ ਇਮੀਗ੍ਰੇਸ਼ਨ ਨੀਤੀ ਅਤੇ ਰੋਜ਼ਗਾਰ ਦੇ ਬਦਲਦੇ ਨਿਯਮਾਂ ਦਾ ਅਸਰ ਕੇਵਲ ਨਵੇਂ ਵਿਦਿਆਰਥੀਆਂ ’ਤੇ ਹੀ ਨਹੀਂ, ਸਗੋਂ ਉੱਥੇ ਪਹਿਲਾਂ ਤੋਂ ਰਹਿ ਰਹੇ ਵਿਦੇਸ਼ੀ ਪ੍ਰੋਫੈਸ਼ਨਲਜ਼ ’ਤੇ ਵੀ ਪੈ ਰਿਹਾ ਹੈ। ਅਮਰੀਕਾ ’ਚ ਵੀ ਵੀਜ਼ਾ ਨੂੰ ਲੈ ਕੇ ਵਧਦੀ ਬੇਭਰੋਸਗੀ ਕਾਰਨ ਕੁਝ ਭਾਰਤੀ ਪ੍ਰੋਫੈਸ਼ਨਲਜ਼ ਭਾਰਤ ਪਰਤਣ ’ਤੇ ਵਿਚਾਰ ਕਰ ਰਹੇ ਹਨ। ਕਵਿਊਸ ਕਾਰਪ ਦੇ ਆਈ. ਟੀ. ਸਟਾਫਿੰਗ ਮੁਖੀ ਕਪਿਲ ਜੋਸ਼ੀ ਅਨੁਸਾਰ ਐੱਚ-1ਬੀ ਨੀਤੀ, ਨਵੀਂ ਪਟੀਸ਼ਨ ਫੀਸ ਅਤੇ ਗ੍ਰੀਨ ਕਾਰਡ ਨਿਯਮਾਂ ’ਚ ਬਦਲਾਅ ਕਾਰਨ ਭਾਰਤੀ ਪ੍ਰੋਫੈਸ਼ਨਲਜ਼ ਲਈ ਕਈ ਸਾਲਾਂ ਦੀ ਕਰੀਅਰ ਯੋਜਨਾ ਬਣਾਉਣਾ ਔਖਾ ਹੋ ਰਿਹਾ ਹੈ। ਹਾਲਾਂਕਿ ਵਿਦੇਸ਼ ਤੋਂ ਭਾਰਤ ਪਰਤਣਾ ਆਪਣੇ ਆਪ ’ਚ ਬਿਹਤਰ ਨੌਕਰੀ ਜਾਂ ਵੱਧ ਤਨਖਾਹ ਦੀ ਗਾਰੰਟੀ ਨਹੀਂ ਹੈ। ਨੌਕਰੀ ਲੱਭਣ ਵਾਲਿਆਂ ਦੇ ਗੁਮਨਾਮ ਆਨਲਾਈਨ ਕਮਿਊਨਿਟੀ ਪਲੇਟਫਾਰਮ ਬਲਾਇੰਡ ਦੇ ਸਰਵੇ ’ਚ ਭਾਰਤ ਦੇ 1,276 ਪ੍ਰੋਫੈਸ਼ਨਲਜ਼ ਨੂੰ ਸ਼ਾਮਲ ਕੀਤਾ ਗਿਆ। ਸਰਵੇ ’ਚ 53 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਵੀਜ਼ਾ ਸਬੰਧੀ ਸਮੱਸਿਆਵਾਂ ਕਾਰਨ ਲੋਕਾਂ ਨੂੰ ਅਮਰੀਕਾ ਤੋਂ ਭਾਰਤ ਪਰਤਦੇ ਵੇਖਿਆ ਹੈ। ਇਨ੍ਹਾਂ ’ਚ 36 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਦੇ ਸਹਿਕਰਮੀ ਜਾਂ ਨੌਕਰੀ ਲੱਭਣ ਵਾਲੇ ਲੋਕ ਪਰਤ ਚੁੱਕੇ ਹਨ, ਜਦਕਿ 17 ਫੀਸਦੀ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਜਾਣਦੇ ਹਨ ਜੋ ਪਰਤਣ ਦੀ ਯੋਜਨਾ ਬਣਾ ਰਹੇ ਹਨ। ਯੂ. ਕੇ. ਆਧਾਰਿਤ ਕਰੀਅਰ ਪਲੇਟਫਾਰਮ ਸਟੂਡੈਂਟਸ ਸਰਕਸ ਪਹਿਲਾਂ ਵਿਦਿਆਰਥੀਆਂ ਨੂੰ ਯੂ. ਕੇ. ਅਤੇ ਹੋਰਨਾਂ ਦੇਸ਼ਾਂ ’ਚ ਨੌਕਰੀ ਲੱਭਣ ’ਚ ਮਦਦ ਕਰਦਾ ਸੀ। ਹੁਣ ਇਸ ਨੇ ਭਾਰਤ ’ਚ ਵੀ ਨੌਕਰੀਆਂ ਦੀ ਸੂਚੀ ਸ਼ੁਰੂ ਕੀਤੀ ਹੈ। ਪਲੇਟਫਾਰਮ ’ਤੇ ਭਾਰਤ ਸਥਿਤ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਟੂਡੈਂਟ ਸਰਕਸ ਦੀ ਸਹਿ-ਸੰਸਥਾਪਕ ਤ੍ਰਿਪਤੀ ਮਾਹੇਸ਼ਵਰੀ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਹਿਲੀ ਨੌਕਰੀ ਮਿਲਣਾ ਹੁਣ ਪੂਰੀ ਕਹਾਣੀ ਨਹੀਂ ਹੈ। ਵੀਜ਼ਾ ਸਪਾਂਸਰਸ਼ਿਪ, ਲੰਬੇ ਸਮੇਂ ਤੱਕ ਕਰੀਅਰ ਬਣਾਉਣ ਦੀ ਸੰਭਾਵਨਾ ਅਤੇ ਦੇਸ਼ ’ਚ ਟਿਕੇ ਰਹਿਣ ਦੀ ਸਮਰੱਥਾ ਵੀ ਇਹ ਤੈਅ ਕਰਨ ਲੱਗੀ ਹੈ ਕਿ ਨੌਜਵਾਨ ਆਪਣਾ ਕਰੀਅਰ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਹਨ। ਭਾਰਤ ਪਰਤਣ ਵਾਲੇ ਜਾਂ ਪਰਤਣ ਦੀ ਤਿਆਰੀ ਕਰ ਰਹੇ ਜ਼ਿਆਦਾਤਰ ਨੌਜਵਾਨ ਦੇਸ਼ ਦੇ ਵੱਡੇ ਮਹਾਨਗਰਾਂ ਨੂੰ ਤਰਜੀਹ ਦੇ ਰਹੇ ਹਨ। ਬੈਂਗਲੁਰੂ, ਮੁੰਬਈ, ਗੁਰੂਗ੍ਰਾਮ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ’ਚ ਨੌਕਰੀਆਂ ਦੀ ਸਭ ਤੋਂ ਵੱਧ ਭਾਲ ਕੀਤੀ ਜਾ ਰਹੀ ਹੈ।

