Security arrangements tightened in Ludhiana in view of August 15, DGP Gaurav Yadav personally took charge
15 ਅਗਸਤ ਦੇ ਮੱਦੇਨਜ਼ਰ ਲੁਧਿਆਣਾ ‘ਚ ਸੁਰੱਖਿਆ ਪ੍ਰਬੰਧ ਸਖ਼ਤ, DGP ਗੌਰਵ ਯਾਦਵ ਨੇ ਖੁਦ ਸੰਭਾਲਿਆ ਮੋਰਚਾ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-15 ਅਗਸਤ ਦੇ ਸੁਤੰਤਰਤਾ ਦਿਵਸ ਸਮਾਰੋਹਾਂ ਨੂੰ ਸ਼ਾਂਤਮਈ, ਸੁਰੱਖਿਅਤ ਅਤੇ ਸ਼ਾਨਦਾਰ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ (IPS) ਨੇ ਅੱਜ ਪੁਲਸ ਲਾਈਨਜ਼, ਲੁਧਿਆਣਾ ਵਿਖੇ ਇੱਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦੌਰਾਨ ਲੁਧਿਆਣਾ ਪੁਲਸ ਕਮਿਸ਼ਨਰੇਟ ਅਤੇ ਲੁਧਿਆਣਾ ਰੇਂਜ ਦੀ ਸੁਰੱਖਿਆ ਵਿਵਸਥਾ ਅਤੇ ਫੀਲਡ ਤਾਇਨਾਤੀ ਦਾ ਡੂੰਘਾਈ ਨਾਲ ਜਾਇਜ਼ਾ ਲਿਆ ਗਿਆ। ਇਸ ਅਹਿਮ ਮੀਟਿੰਗ ਵਿੱਚ ਪੁਲਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਡੀਆਈਜੀ ਲੁਧਿਆਣਾ ਰੇਂਜ ਸੰਦੀਪ ਗੋਇਲ, ਖੰਨਾ ਤੇ ਜਗਰਾਉਂ ਦੇ ਐਸਐਸਪੀਜ਼ ਅਤੇ ਹੋਰ ਗਜ਼ਟਿਡ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਡੀਜੀਪੀ ਨੂੰ ਮੌਜੂਦਾ ਖੁਫੀਆ ਜਾਣਕਾਰੀਆਂ (Intelligence Inputs), ਬਹੁ-ਪੱਧਰੀ ਸੁਰੱਖਿਆ ਪ੍ਰੋਟੋਕੋਲ ਅਤੇ ਸ਼ਹਿਰ ਤੇ ਦਿਹਾਤੀ ਇਲਾਕਿਆਂ ਵਿੱਚ ਪੁਲਸ ਬਲ ਦੀ ਤਾਇਨਾਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਮੁੱਖ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਰਸਤਿਆਂ ‘ਤੇ 24 ਘੰਟੇ ਗਸ਼ਤ ਅਤੇ ਚੈਕਿੰਗ ਅਭਿਆਨ (CASO) ਤੇਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਨਾਕਾਮ ਕਰਨ ਲਈ ਜ਼ਿਲ੍ਹਾ ਖੁਫੀਆ ਯੂਨਿਟਾਂ ਅਤੇ ਰਾਜ ਪੱਧਰੀ ਏਜੰਸੀਆਂ ਵਿਚਕਾਰ ਤਾਲਮੇਲ ਜ਼ਰੂਰੀ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ‘ਤੇ ਅਫਵਾਹਾਂ ਅਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ‘ਤੇ ਵੀ ਕਰੜੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡੀਜੀਪੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਲਾਵਾਰਿਸ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਨਜ਼ਦੀਕੀ ਪੁਲਸ ਸਟੇਸ਼ਨ ਜਾਂ ਹੈਲਪਲਾਈਨ ਨੰਬਰ ‘ਤੇ ਸੂਚਿਤ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਚੈਕਿੰਗ ਦੌਰਾਨ ਪੁਲਸ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।

