“SGPC Elections to Be Held in June! Gurdwara Commission Gears Up – Voter Lists to Be Published by April 16”

Shiromani Gurdwara Parbandhak Committee SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਨਵਾਂ ਜਨਰਲ ਹਾਊਸ ਚੁਣਨ ਲਈ ਕਮੇਟੀ ਦੀਆਂ ਆਮ ਚੋਣਾਂ ਜੂਨ ਮਹੀਨੇ ਹੋਣ ਦੀ ਪੂਰੀ ਉਮੀਦ ਹੈ। ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਦੀ ਮਿਤੀ 16 ਅਪ੍ਰੈਲ ਤੈਅ ਕੀਤੀ ਹੈ ਜਿਸ ਤੋਂ ਬਾਅਦ ਇੰਨਾਂ ਚੋਣਾਂ ਦਾ ਐਲਾਨ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਜਾਵੇਗਾ।
ਗੁਰਦੁਆਰਾ ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਿਕ ਚੋਣਾਂ ਕਰਵਾਉਣ ਲਈ ਤਿਆਰੀਆਂ ਜਾਰੀ ਹਨ। ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਪਿੱਛੋਂ ਅਗਲੇਰੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਤੀ ਤੌਰ ਤੇ ਚੋਣਾਂ ਦਾ ਐਲਾਨ ਕਰਨ ਲਈ ਆਖਿਆ ਜਾਵੇਗਾ। ਪੁਖ਼ਤਾ ਜਾਣਕਾਰੀ ਮੁਤਾਬਕ ਅੰਤਿਮ ਵੋਟਰ ਸੂਚੀਆਂ 16 ਅਪ੍ਰੈਲ ਨੂੰ ਜਨਤਕ ਕੀਤੀਆਂ ਜਾਣਗੀਆਂ। ਪੁਰਾਣੀ ਵੋਟਰ ਸੂਚੀ ਵਿੱਚ ਕੁੱਲ 50 ਲੱਖ ਵੋਟਰ ਰਜਿਸਟਰਡ ਸਨ ਜਿਨ੍ਹਾਂ ਨੂੰ ਹੁਣ ਨਵੀਂ ਸੂਚੀ ਨਾਲ ਜੋੜਿਆ ਜਾ ਰਿਹਾ ਹੈ।
ਜਿਕਰਯੋਗ ਹੈ ਪਿਛਲੀ ਵਾਰ ਇਹ ਚੋਣਾਂ ਸਾਲ 2011 ਵਿੱਚ ਹੋਈਆਂ ਸਨ ਪਰ ਵੋਟ ਪਾਉਣ ਦੇ ਅਧਿਕਾਰ ਪ੍ਰਾਪਤ ਕਰਨ ਲਈ ਸਹਿਜਧਾਰੀ (ਵਾਲ ਕੱਟਣ ਵਾਲੇ) ਸਿੱਖਾਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਗਏ ਇੱਕ ਕੇਸ ਦਾ ਫੈਸਲਾ ਹੋਣ ਮਗਰੋਂ ਹੀ ਚੁਣੀ ਹੋਈ ਕਮੇਟੀ ਸਾਲ 2016 ਵਿੱਚ ਕਾਰਜਸ਼ੀਲ ਹੋਈ ਸੀ। ਉਦੋਂ ਅਵਤਾਰ ਸਿੰਘ ਮੱਕੜ ਦੀ ਥਾਂ ‘ਤੇ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਐਸਜੀਪੀਸੀ ਦੇ ਪ੍ਰਧਾਨ ਬਣੇ ਸਨ। ਉਸ ਤੋਂ ਬਾਅਦ ਸਾਲ 2017 ਤੋਂ 2019 ਤੱਕ ਗੋਬਿੰਦ ਸਿੰਘ ਲੌਂਗੋਵਾਲ, ਸਾਲ 2020 ਵਿੱਚ ਬੀਬੀ ਜਗੀਰ ਕੌਰ ਅਤੇ 2021 ਤੋਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚਲੇ ਆ ਰਹੇ ਹਨ।
ਇਤਰਾਜ਼ ਦਾਇਰ ਕਰਨ ਦੀ ਮਿਤੀ ਵਧਾਈ
ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਗੈਰ-ਅੰਮ੍ਰਿਤਧਾਰੀ ਸਿੱਖਾਂ ਦੀਆਂ ਜਾਅਲੀ ਵੋਟਾਂ ਬਣਨ ਅਤੇ ਦੋਹਰੀਆਂ ਵੋਟਾਂ ਬਣਾਉਣ ਦੀ ਸ਼ਿਕਾਇਤ ਦੇਣ ਤੋਂ ਬਾਅਦ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਸਐਸ ਸਾਰੋਂ (ਸੇਵਾਮੁਕਤ) ਨੇ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ 24 ਜਨਵਰੀ ਤੋਂ ਵਧਾ ਕੇ 10 ਮਾਰਚ ਕਰ ਦਿੱਤੀ ਸੀ।
ਚੋਣ ਹਲਕਿਆਂ ਦੀ ਗਿਣਤੀ ਹਾਲੇ ਸਪੱਸ਼ਟ ਨਹੀਂ
ਗਵਾਂਢੀ ਸੂਬੇ ਹਰਿਆਣਾ ਵਿੱਚ SGPC ਨਾਲੋਂ ਵੱਖਰੀ ਬਣਾਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਹਲਕਿਆਂ ਲਈ ਚੋਣਾਂ 19 ਜਨਵਰੀ ਨੂੰ ਹੋ ਚੁੱਕੀਆਂ ਹਨ ਜਿਸ ਕਰਕੇ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਕਿੰਨੇ ਹਲਕਿਆਂ ਵਿੱਚ ਵੋਟਾਂ ਪੈਣਗੀਆਂ।
ਸਾਲ 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ 170 ਹਲਕਿਆਂ ਵਿੱਚ ਹੋਈਆਂ ਸਨ ਜਿਨ੍ਹਾਂ ਵਿੱਚ ਪੰਜਾਬ ਦੇ 157, ਹਰਿਆਣਾ ਦੇ 11, ਅਤੇ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦਾ ਇੱਕ-ਇੱਕ ਹਲਕਾ ਸ਼ਾਮਲ ਸੀ। ਇਸ ਤੋਂ ਇਲਾਵਾ 15 ਮੈਂਬਰ ਕੋਆਪਟ ਕੀਤੇ ਗਏ ਸਨ ਜਿਨ੍ਹਾਂ ਵਿੱਚ ਪੰਜਾਬ ਦੇ ਚਾਰ, ਦਿੱਲੀ ਦੇ ਤਿੰਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਦੋ-ਦੋ ਅਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਤੋਂ ਇੱਕ-ਇੱਕ ਮੈਂਬਰ ਸ਼ਾਮਲ ਸੀ। ਛੇ ਅਹੁਦੇ ਜਥੇਦਾਰ ਸਾਹਿਬਾਨ ਲਈ ਐਕਸ-ਅਫੀਸ਼ੀਓ ਮੈਂਬਰ ਵਜੋਂ ਹੁੰਦੇ ਹਨ।