Shahzad Bhatti has left Dubai and is operating his network from Brazil; over 200 operatives of the Bhatti gang have been arrested in the country
ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ ‘ਚ ਭੱਟੀ ਗੈਂਗ ਦੇ 200 ਤੋਂ ਵੱਧ ਗੁਰਗੇ ਕਾਬੂ
ਫਿਲੌਰ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਆਈ.ਐੱਸ.ਆਈ. ਦੇ ਇਸ਼ਾਰੇ ‘ਤੇ ਭਾਰਤ ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਤੇ ਡਰੋਨ ਰਾਹੀਂ ਪੰਜਾਬ ਦੀਆਂ ਸੀਮਾਵਾਂ ਵਿਚ ਹਥਿਆਰ, ਨਸ਼ੀਲੇ ਪਦਾਰਥ ਤੇ ਗ੍ਰੇਨੇਡ ਭੇਜ ਰਿਹਾ ਹੈ। ਇਨ੍ਹਾਂ ਗ੍ਰੇਨੇਡਾਂ ਦੀ ਵਰਤੋਂ ਪੰਜਾਬ ਦੇ ਕਈ ਪੁਲਸ ਥਾਣਿਆਂ ‘ਤੇ ਅਟੈਕ ਕਰਨ ਵਿੱਚ ਵੀ ਕੀਤੀ ਗਈ ਸੀ। ਇਸ ਸਬੰਧ ਵਿੱਚ ‘ਪੰਜਾਬ ਕੇਸਰੀ’ ਨੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਨਾਲ ‘ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਆਈ.ਐੱਸ.ਆਈ. ਦੇ ਇਸ਼ਾਰੇ ‘ਤੇ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਫਿਰਾਕ ਵਿੱਚ’ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਸਬੰਧ ਵਿੱਚ ਬੀਤੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਕਤ ਖ਼ਬਰ ‘ਤੇ ਮੋਹਰ ਲਗਾਉਂਦੇ ਟਵੀਟ ਕੀਤਾ ਸੀ। ਟਵੀਟ ਵਿਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸ਼ਹਿਜ਼ਾਦ ਭੱਟੀ ਨੂੰ ਅੱਤਵਾਦੀ ਐਨਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਨੂੰ ਬੜ੍ਹਾਵਾ ਦੇਣ ਵਾਲਾ ਕੋਈ ਵੀ ਸੰਗਠਨ ਜਾਂ ਫਿਰ ਕੋਈ ਸ਼ਖ਼ਸ ਹੋਵੇ, ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਗ੍ਰਹਿ ਮੰਤਰਾਲੇ ਦੇ ਪੱਤਰ ਅਨੁਸਾਰ ਸ਼ਹਿਜ਼ਾਦ ਭੱਟੀ ਪਾਕਿਸਤਾਨ ਤੋਂ ਪੰਜਾਬ ਵਿਚ ਵਿਸਫੋਟਕ ਪਦਾਰਥ, ਡਰੱਗ ਤੇ ਹਥਿਆਰ ਸਪਲਾਈ ਕਰਨ ਦੇ ਪਿਛਲੇ ਲੰਮੇ ਸਮੇਂ ਤੋਂ ਕਾਰਜ ਵਿਚ ਜੁਟਿਆ ਹੋਇਆ ਹੈ। ਦੇਸ਼ ਦੀਆਂ ਜਾਂਚ ਏਜੰਸੀਆਂ ਦੇ ਹੱਥ ਪੁਖ਼ਤਾ ਸਬੂਤ ਲੱਗੇ ਹਨ ਕਿ ਭੱਟੀ ਇਹ ਸਭ ਕੁਝ ਆਈ.ਐੱਸ.ਆਈ. ਦੇ ਇਸ਼ਾਰੇ ‘ਤੇ ਕਰ ਰਿਹਾ ਹੈ। ਭੱਟੀ ਨੌਜਵਾਨਾਂ ਦਾ ‘ਬ੍ਰੇਨ ਵਾਸ਼’ ਕਰ ਕੇ ਉਨ੍ਹਾਂ ਨੂੰ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਕਰਦਾ ਹੈ। ਸ਼ਹਿਜ਼ਾਦ ਭੱਟੀ ਨੇ ਭਾਰਤ ਵਿੱਚ ਕਈ ਜਗ੍ਹਾ ’ਤੇ ਦੰਗੇ ਭੜਕਾਉਣ ਦੀ ਸਾਜ਼ਿਸ਼ ਵੀ ਰਚੀ। ਪਹਿਲਾਂ ਇਹ ਆਪਣਾ ਨੈੱਟਵਰਕ ਦੁਬਈ ਵਿਚ ਬੈਠ ਕੇ ਚਲਾ ਰਿਹਾ ਸੀ, ਇਸੇ ਸਾਲ ਅਗਸਤ ਮਹੀਨੇ ਵਿਚ ਭਾਰਤ ਦੀ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਸ਼ਹਿਜ਼ਾਦ ਭੱਟੀ ਨੈੱਟਵਰਕ ਖ਼ਿਲਾਫ਼ ਬਹੁਤ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਨਾਲ ਭਾਰਤ ਦੇ 14 ਪ੍ਰਦੇਸ਼ਾਂ ਵਿਚ ਇਸ ਆਪ੍ਰੇਸ਼ਨ ਦੌਰਾਨ ਭੱਟੀ ਦੇ ਗੈਂਗ ਵਿਚ 200 ਤੋਂ ਵੱਧ ਸ਼ਾਮਲ ਲੜਕਿਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ, ਜਿਨ੍ਹਾਂ ਕੋਲੋਂ ਪਾਕਿਸਤਾਨ ਵਿਚ ਤਿਆਰ ਕੀਤੇ ਜਾਣ ਵਾਲੇ ਗ੍ਰੇਨੇਡ, ਆਈ.ਈ.ਡੀ., ਵਿਦੇਸ਼ੀ ਆਟੋਮੈਟਿਕ ਪਿਸਟਲ ਤੇ ਜਾਸੂਸੀ ਲਈ ਵਰਤੇ ਜਾਣ ਵਾਲੇ ਸੀ.ਸੀ.ਟੀ.ਵੀ. ਕੈਮਰੇ ਤੇ ਵਾਇਰਲੈੱਸ ਸੈੱਟ ਬਰਾਮਦ ਕੀਤੇ ਹਨ। ਭਾਰਤ ਵਿਚ ਸ਼ਹਿਜ਼ਾਦ ਭੱਟੀ ਨੈੱਟਵਰਕ ਦੇ ਖ਼ਿਲਾਫ਼ ਯੂ.ਏ.ਪੀ.ਏ. ਤੇ ਨਾਰਕੋਟਿਕਸ ਐਕਟ ਅਧੀਨ 80 ਤੋਂ ਵੱਧ ਮੁਕੱਦਮੇ ਦਰਜ ਹਨ। ਦੇਸ਼ ਦੀ ਸੁਰੱਖਿਆ ਏਜੰਸੀ ਦੇ ਇਕ ਪ੍ਰਮੁੱਖ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਪੁਲਸ ਥਾਣਿਆਂ ਵਿਚ ਜੋ ਗ੍ਰੇਨੇਡ ਅਟੈਕ ਹੋਏ ਸਨ, ਉਸ ਵਿਚ ਸ਼ਹਿਜ਼ਾਦ ਭੱਟੀ ਦਾ ਹੱਥ ਹੈ। ਐੱਨ.ਆਈ.ਏ. ਨੇ ਖ਼ੁਲਾਸਾ ਕੀਤਾ ਕਿ ਸ਼ਹਿਜ਼ਾਦ ਭੱਟੀ ਮੌਜੂਦਾ ਸਮੇਂ ਵਿਚ ਬ੍ਰਾਜ਼ੀਲ ਤੋਂ ਆਪਣਾ ਨੈੱਟਵਰਕ ਸੋਸ਼ਲ ਮੀਡੀਆ ਰਾਹੀਂ ਚਲਾ ਰਿਹਾ ਹੈ। ਇਹ ਨੌਜਵਾਨਾਂ ਨੂੰ ਪਹਿਲਾਂ ਆਪਣੇ ਗੈਂਗ ਵਿਚ ਸ਼ਾਮਲ ਕਰਦਾ ਹੈ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਆਪਣੇ ਵ੍ਹਟਸਐਪ ਗਰੁੱਪ ਵਿਚ ਸ਼ਾਮਲ ਕਰਕੇ ਉਨ੍ਹਾਂ ਤੋਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦਿਵਾਉਂਦਾ ਹੈ। ਗ੍ਰਹਿ ਮੰਤਰਾਲੇ ਨੇ ਭੱਟੀ ਨੂੰ ਅੱਤਵਾਦੀ ਐਲਾਨਦੇ ਕਿਹਾ ਕਿ ਜੋ ਵੀ ਇਸ ਦੇ ਗਰੁੱਪ ਵਿਚ ਸ਼ਾਮਲ ਹੋਵੇਗਾ, ਉਸ ਵਿਰੁੱਧ ਅੱਤਵਾਦੀ ਧਾਰਾਵਾਂ ਵਿਚ ਮੁਕੱਦਮੇ ਦਰਜ ਕੀਤੇ ਜਾਣਗੇ।

