Sikh bus driver attacked in Britain; beard pulled, beaten, and bus hijacked
ਬਰਤਾਨੀਆ ’ਚ ਸਿੱਖ ਬੱਸ ਡਰਾਈਵਰ ਤੇ ਹਮਲਾ, ਦਾੜ੍ਹੀ ਪੁੱਟੀ, ਕੁੱਟਮਾਰ ਮਗਰੋਂ ਬੱਸ ਖੋਹੀ * ਕਈ ਗੱਡੀਆਂ ਨੂੰ ਮਾਰੀਆਂ ਟੱਕਰਾਂ, ਨਸਲੀ ਹਮਲਿਆਂ ਖ਼ਿਲਾਫ਼ ਸਿੱਖਾਂ ’ਚ ਭਾਰੀ ਰੋਸ, ਸਖ਼ਤ ਕਾਰਵਾਈ ਦੀ ਮੰਗ
ਲੰਡਨ (ਸਰਬਜੀਤ ਸਿੰਘ ਬਨੂੜ(ਆਵਾਜ਼ਿ ਕੌਮ ਬਿਊਰੋ)- ਬਰਤਾਨੀਆ ਦੇ ਸ਼ਹਿਰ ਟੈਲਫੋਰਡ ਵਿੱਚ ਇੱਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰਕੇ ਉਸ ਦੀ ਦਾੜ੍ਹੀ ਪੁੱਟਣ, ਕੁੱਟਮਾਰ ਕਰਨ ਅਤੇ ਬੱਸ ਖੋਹ ਲੈਣ ਦੀ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਹਮਲੇ ਦੌਰਾਨ ਡਰਾਈਵਰ ਨੂੰ ਜ਼ਬਰਦਸਤੀ ਬੱਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਹਮਲਾਵਰ ਬੱਸ ਲੈ ਕੇ ਫ਼ਰਾਰ ਹੋ ਗਿਆ। ਦਾੜ੍ਹੀ ਪੁੱਟੇ ਜਾਣ ਕਾਰਨ ਸਿੱਖ ਭਾਈਚਾਰੇ ਅੰਦਰ ਇਸ ਘਟਨਾ ਨੂੰ ਧਾਰਮਿਕ ਪਛਾਣ ’ਤੇ ਹਮਲੇ ਵਜੋਂ ਦੇਖਦਿਆਂ ਨਸਲੀ ਅਤੇ ਧਾਰਮਿਕ ਨਫ਼ਰਤ ਵਾਲੀਆਂ ਘਟਨਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਵੈਸਟ ਮਰਸੀਆ ਪੁਲਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 6.37 ਵਜੇ ਟੈਲਫੋਰਡ ਦੇ ਮੇਡਲੇ ਇਲਾਕੇ ਦੀ ਕੋਰਟ ਸਟ੍ਰੀਟ ’ਤੇ ਵਾਪਰੀ। ਹਮਲੇ ਤੋਂ ਬਾਅਦ ਬੱਸ ਨੂੰ ਪਾਰਕ ਵੇਅ ਤੋਂ ਹਾਈ ਸਟ੍ਰੀਟ ਵੱਲ ਸੜਕ ਦੇ ਉਲਟ ਪਾਸੇ ਦੌੜਾਇਆ ਗਿਆ ਅਤੇ ਰਸਤੇ ਵਿੱਚ ਕਈ ਵਾਹਨਾਂ ਨੂੰ ਟੱਕਰਾਂ ਮਾਰੀਆਂ ਗਈਆਂ। ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਪੁਲਸ ਨੇ ਕਾਰਵਾਈ ਕਰਦਿਆਂ ਬੱਸ ਨੂੰ ਰੋਕ ਲਿਆ ਅਤੇ 20ਵਿਆਂ ਸਾਲਾਂ ਦੇ ਇੱਕ ਵਿਅਕਤੀ ਨੂੰ ਲੁੱਟ ਅਤੇ ਖ਼ਤਰਨਾਕ ਡਰਾਈਵਿੰਗ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ। ਹਮਲੇ ਵਿੱਚ ਸਿੱਖ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪੈਰਾਮੈਡਿਕਸ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਪੁਲਸ ਅਨੁਸਾਰ ਬੱਸ ਵੱਲੋਂ ਕਈ ਵਾਹਨਾਂ ਨੂੰ ਟੱਕਰਾਂ ਮਾਰੇ ਜਾਣ ਦੇ ਬਾਵਜੂਦ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ। ਘਟਨਾ ਮਗਰੋਂ ਯੂ.ਕੇ. ਦੇ ਸਿੱਖਾਂ ਵਿੱਚ ਤਿੱਖਾ ਰੋਸ ਸਾਹਮਣੇ ਆਇਆ ਹੈ। ਸਿੱਖ ਡਰਾਈਵਰ ਦੀ ਦਾੜ੍ਹੀ ਪੁੱਟੇ ਜਾਣ ਨੂੰ ਲੈ ਕੇ ਨਸਲੀ ਅਤੇ ਧਾਰਮਿਕ ਨਫ਼ਰਤ ਨਾਲ ਜੁੜੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਵੈਸਟ ਮਰਸੀਆ ਪੁਲਸ ਨੇ ਮਾਮਲੇ ਦੀ ਜਾਂਚ ਜਾਰੀ ਰੱਖਦਿਆਂ ਚਸ਼ਮਦੀਦਾਂ ਨੂੰ ਅੱਗੇ ਆਉਣ ਅਤੇ ਘਟਨਾ ਨਾਲ ਸਬੰਧਤ ਕੋਈ ਵੀ ਜਾਣਕਾਰੀ ਜਾਂ ਰਿਕਾਰਡਿੰਗ ਪੁਲਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਭਾਈਚਾਰੇ ਨੂੰ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ, ਗੁੰਮਰਾਹਕੁੰਨ ਜਾਂ ਗੈਰ-ਪੁਸ਼ਟ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਅਤੇ ਸਿਰਫ਼ ਪੁਸ਼ਟੀਸ਼ੁਦਾ ਜਾਣਕਾਰੀ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ।

