Sharp rise in petrol and diesel prices in the UK; ‘cost of living’ hits household budgets hard
*ਯੂਕੇ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧਾ, ‘ਕੌਸਟ ਆਫ਼ ਲਿਵਿੰਗ’ ਨੇ ਹਿਲਾਇਆ ਘਰੇਲੂ ਬਜਟ *ਕਈ ਪੰਪਾਂ ’ਤੇ ਡੀਜ਼ਲ £2 ਪ੍ਰਤੀ ਲੀਟਰ ਤੋਂ ਪਾਰ, ਸਤੰਬਰ ’ਚ ਤੇਜ਼ੀ ਨਾਲ ਵਧੀਆਂ ਕੀਮਤਾਂ
ਲੰਡਨ (ਸਰਬਜੀਤ ਸਿੰਘ ਬਨੂੜ/ਆਵਾਜ਼ਿ ਕੌਮ ਬਿਊਰੋ)-ਯੂਕੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੇ ਆਮ ਲੋਕਾਂ ਦੇ ਘਰੇਲੂ ਬਜਟ ’ਤੇ ਨਵਾਂ ਬੋਝ ਪਾ ਦਿੱਤਾ ਹੈ। ਸਤੰਬਰ ਮਹੀਨੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦਰਜ ਕੀਤਾ ਗਿਆ ਹੈ ਅਤੇ ਕਈ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਕੀਮਤ 2 ਪੌਂਡ ਪ੍ਰਤੀ ਲੀਟਰ ਦੀ ਹੱਦ ਵੀ ਪਾਰ ਕਰ ਗਈ ਹੈ। ਵਧਦੀਆਂ ਤੇਲ ਅਤੇ ਜੀਵਨ-ਯਾਪਨ ਲਾਗਤਾਂ ਦਰਮਿਆਨ ‘ਕੌਸਟ ਆਫ਼ ਲਿਵਿੰਗ’ ਦਾ ਮੁੱਦਾ ਮੁੜ ਚਰਚਾ ਵਿੱਚ ਆ ਗਿਆ ਹੈ, ਜਦਕਿ ਪ੍ਰਧਾਨ ਮੰਤਰੀ ਐਂਡੀ ਬਰਨਹਮ ਦੀ ਸਰਕਾਰ ਸਾਹਮਣੇ ਮਹਿੰਗਾਈ ਵੱਡੀ ਆਰਥਿਕ ਚੁਣੌਤੀ ਬਣੀ ਹੋਈ ਹੈ।
ਲੰਡਨ ਇਲਾਕੇ ਦੇ ਕੁਝ ਪੈਟਰੋਲ ਪੰਪਾਂ ’ਤੇ ਰੈਗੂਲਰ ਅਨਲੀਡਿਡ ਪੈਟਰੋਲ 175.9 ਪੈਂਸ ਅਤੇ ਰੈਗੂਲਰ ਡੀਜ਼ਲ 201.9 ਪੈਂਸ ਪ੍ਰਤੀ ਲੀਟਰ ਤੱਕ ਵਿਕਦਾ ਦਿਖਾਈ ਦੇ ਰਿਹਾ ਹੈ। ਇੱਕ ਪੌਂਡ ਦੀ ਕੀਮਤ ਕਰੀਬ 128.57 ਰੁਪਏ ਦੇ ਹਿਸਾਬ ਨਾਲ ਇਹ ਪੈਟਰੋਲ ਲਗਭਗ 226 ਰੁਪਏ ਅਤੇ ਡੀਜ਼ਲ 260 ਰੁਪਏ ਪ੍ਰਤੀ ਲੀਟਰ ਬਣਦਾ ਹੈ। ਹਾਲਾਂਕਿ ਪੰਪ ਅਤੇ ਇਲਾਕੇ ਮੁਤਾਬਕ ਕੀਮਤਾਂ ਵਿੱਚ ਫਰਕ ਰਹਿੰਦਾ ਹੈ।
ਬ੍ਰਿਟਿਸ਼ ਸਰਕਾਰ ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ 14 ਸਤੰਬਰ ਤੋਂ ਸ਼ੁਰੂ ਹੋਏ ਹਫ਼ਤੇ ਵਿੱਚ ਯੂਕੇ ਦੀ ਔਸਤ ਪੈਟਰੋਲ ਕੀਮਤ 168.14 ਪੈਂਸ ਅਤੇ ਡੀਜ਼ਲ 190.72 ਪੈਂਸ ਪ੍ਰਤੀ ਲੀਟਰ ਦਰਜ ਕੀਤੀ ਗਈ। 31 ਅਗਸਤ ਨੂੰ ਇਹ ਕੀਮਤਾਂ ਕ੍ਰਮਵਾਰ 161.61 ਅਤੇ 183.49 ਪੈਂਸ ਸਨ। ਇਸ ਤਰ੍ਹਾਂ ਸਿਰਫ਼ ਦੋ ਹਫ਼ਤਿਆਂ ਵਿੱਚ ਪੈਟਰੋਲ ਕਰੀਬ 6.5 ਪੈਂਸ ਅਤੇ ਡੀਜ਼ਲ 7.2 ਪੈਂਸ ਪ੍ਰਤੀ ਲੀਟਰ ਮਹਿੰਗਾ ਹੋ ਗਿਆ।
ਮਹਿੰਗੇ ਪੈਟਰੋਲ-ਡੀਜ਼ਲ ਦਾ ਅਸਰ ਮਹਿੰਗਾਈ ਦੇ ਸਰਕਾਰੀ ਅੰਕੜਿਆਂ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ। Office for National Statistics (ONS) ਮੁਤਾਬਕ ਅਗਸਤ ਵਿੱਚ ਯੂਕੇ ਦੀ ਸਾਲਾਨਾ CPI ਮਹਿੰਗਾਈ ਦਰ 2.9 ਫੀਸਦੀ ਤੋਂ ਵਧ ਕੇ 3.1 ਫੀਸਦੀ ਹੋ ਗਈ। ਮਹਿੰਗਾਈ ਵਿੱਚ ਇਸ ਵਾਧੇ ਦਾ ਸਭ ਤੋਂ ਵੱਡਾ ਕਾਰਨ ਟਰਾਂਸਪੋਰਟ ਅਤੇ ਖਾਸ ਕਰਕੇ ਮੋਟਰ ਫਿਊਲ ਦੀਆਂ ਵਧੀਆਂ ਕੀਮਤਾਂ ਰਹੀਆਂ।
ਅਗਸਤ ਮਹੀਨੇ ਦੌਰਾਨ ਪੈਟਰੋਲ ਦੀ ਔਸਤ ਕੀਮਤ 9.1 ਪੈਂਸ ਪ੍ਰਤੀ ਲੀਟਰ ਵਧ ਕੇ 161.3 ਪੈਂਸ ਤੱਕ ਪਹੁੰਚ ਗਈ, ਜੋ ਨਵੰਬਰ 2022 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਸੀ। ਇਸੇ ਦੌਰਾਨ ਡੀਜ਼ਲ ਦੀ ਕੀਮਤ ਵਿੱਚ 14.2 ਪੈਂਸ ਪ੍ਰਤੀ ਲੀਟਰ ਦਾ ਵਾਧਾ ਹੋਇਆ ਅਤੇ ਔਸਤ ਕੀਮਤ 181.8 ਪੈਂਸ ਤੱਕ ਪਹੁੰਚ ਗਈ। ਪਿਛਲੇ ਸਾਲ ਦੇ ਮੁਕਾਬਲੇ ਮੋਟਰ ਫਿਊਲ ਦੀਆਂ ਕੀਮਤਾਂ ਵਿੱਚ ਕੁੱਲ 23 ਫੀਸਦੀ ਵਾਧਾ ਦਰਜ ਕੀਤਾ ਗਿਆ।
ਟਰਾਂਸਪੋਰਟ ਦੀ ਸਾਲਾਨਾ ਮਹਿੰਗਾਈ ਵੀ ਅਗਸਤ ਵਿੱਚ 4.6 ਫੀਸਦੀ ਤੱਕ ਪਹੁੰਚ ਗਈ। ਮਹਿੰਗੇ ਈਂਧਨ ਕਾਰਨ ਰੋਜ਼ਾਨਾ ਕੰਮ ’ਤੇ ਜਾਣ ਲਈ ਕਾਰ ਜਾਂ ਵੈਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਖਰਚੇ ਵਿੱਚ ਸਿੱਧਾ ਵਾਧਾ ਹੋਇਆ ਹੈ।
ਕਾਰੋਬਾਰੀ ਪੱਧਰ ’ਤੇ ਵੀ ਵਧਦੀਆਂ ਕੀਮਤਾਂ ਦਾ ਦਬਾਅ ਸਾਹਮਣੇ ਆ ਰਿਹਾ ਹੈ। ONS ਮੁਤਾਬਕ ਅਗਸਤ ਵਿੱਚ ਬ੍ਰਿਟਿਸ਼ ਨਿਰਮਾਤਾਵਾਂ ਦੀਆਂ ਇਨਪੁੱਟ ਕੀਮਤਾਂ ਸਾਲਾਨਾ ਆਧਾਰ ’ਤੇ 6.1 ਫੀਸਦੀ ਅਤੇ ਫੈਕਟਰੀ ਗੇਟ ਕੀਮਤਾਂ 3.7 ਫੀਸਦੀ ਵਧੀਆਂ। ਰਿਫਾਇੰਡ ਪੈਟਰੋਲੀਅਮ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਨੇ ਵੀ ਇਸ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਈ।
ਮਹਿੰਗੇ ਡੀਜ਼ਲ ਦਾ ਅਸਰ ਸਿਰਫ਼ ਕਾਰ ਅਤੇ ਵੈਨ ਚਾਲਕਾਂ ਤੱਕ ਸੀਮਤ ਨਹੀਂ ਹੈ। ਯੂਕੇ ਵਿੱਚ ਟਰੱਕਾਂ ਰਾਹੀਂ ਵੱਡੇ ਪੱਧਰ ’ਤੇ ਮਾਲ ਦੀ ਢੋਆ-ਢੁਆਈ ਹੁੰਦੀ ਹੈ ਅਤੇ ਦੁਕਾਨਾਂ ਤੇ ਸੁਪਰਮਾਰਕੀਟਾਂ ਤੱਕ ਰੋਜ਼ਾਨਾ ਸਾਮਾਨ ਪਹੁੰਚਾਉਣ ਲਈ ਡੀਜ਼ਲ ਵਾਹਨਾਂ ਦੀ ਵਰਤੋਂ ਹੁੰਦੀ ਹੈ। ਇਸ ਕਾਰਨ ਡੀਜ਼ਲ ਦੀਆਂ ਵਧੀਆਂ ਕੀਮਤਾਂ ਟਰਾਂਸਪੋਰਟ ਅਤੇ ਸਪਲਾਈ ਨਾਲ ਜੁੜੇ ਕਾਰੋਬਾਰਾਂ ਦੀ ਲਾਗਤ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ।
ਤੇਲ ਦੀਆਂ ਵਧਦੀਆਂ ਕੀਮਤਾਂ ਨੇ ਯੂਕੇ ਵਿੱਚ ‘ਕੌਸਟ ਆਫ਼ ਲਿਵਿੰਗ’ ਨੂੰ ਮੁੜ ਵੱਡਾ ਮੁੱਦਾ ਬਣਾ ਦਿੱਤਾ ਹੈ। ਕੰਮ ’ਤੇ ਜਾਣ ਲਈ ਰੋਜ਼ਾਨਾ ਵਾਹਨ ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਲਈ ਪੈਟਰੋਲ-ਡੀਜ਼ਲ ਦਾ ਵਧਦਾ ਬਿੱਲ ਘਰੇਲੂ ਖਰਚਿਆਂ ਵਿੱਚ ਵੱਡਾ ਹਿੱਸਾ ਜੋੜ ਰਿਹਾ ਹੈ। ਇਸ ਦੇ ਨਾਲ ਰਿਹਾਇਸ਼, ਟਰਾਂਸਪੋਰਟ ਅਤੇ ਹੋਰ ਸੇਵਾਵਾਂ ਦੀਆਂ ਕੀਮਤਾਂ ਕਾਰਨ ਪਰਿਵਾਰਾਂ ਦੇ ਬਜਟ ’ਤੇ ਆਰਥਿਕ ਦਬਾਅ ਬਣਿਆ ਹੋਇਆ ਹੈ।

