Youth dies at night after release from police custody; people surround police post
ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ ਘੇਰੀ ਪੁਲਸ ਚੌਕੀ
ਭੋਗਪੁਰ (ਆਵਾਜ਼ਿ ਕੌਮ ਬਿਊਰੋ)-ਥਾਣਾ ਭੋਗਪੁਰ ਦੇ ਅਧੀਨ ਪੁਲਸ ਚੌਕੀ (ਆਰਜੀ ਥਾਣਾ) ਦੀ ਪੁਲਸ ਵੱਲੋਂ ਪਿੰਡ ਬੂਟਰਾਂ ਤੋਂ ਹਿਰਾਸਤ ’ਚ ਲਏ ਗਏ ਨੌਜਵਾਨ ਦੀ ਰਿਹਾਈ ਤੋਂ ਬਾਅਦ ਘਰ ’ਚ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਕਾਲੀ ਦੇ ਪਿਤਾ ਸੁਖਵਿੰਦਰ ਉਰਫ਼ ਪੱਪੂ, ਸਾਬਕਾ ਸਰਪੰਚ ਕਰਮ ਚੰਦ ਅਤੇ ਸੁਰਜੀਤ ਲਾਲ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਲੋਕ ਪੁਲਸ ਚੌਕੀ ਪਹੁੰਚੇ ਅਤੇ ਪੁਲਸ ’ਤੇ ਗੰਭੀਰ ਦੋਸ਼ ਲਾਉਂਦਿਆਂ ਚੌਕੀ ਦਾ ਘਿਰਾਓ ਕੀਤਾ। ਮ੍ਰਿਤਕ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਸ ਦੀ ਕੁੱਟਮਾਰ ਕਾਰਨ ਕਾਲੀ ਦੀ ਮੌਤ ਹੋਈ ਹੈ। ਉਨ੍ਹਾਂ ਨੇ ਚੌਕੀ ਇੰਚਾਰਜ ਐੱਸ. ਆਈ. ਬਲਵੀਰ ਸਿੰਘ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਮੌਤ ’ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਡੀ. ਐੱਸ. ਪੀ. ਆਦਮਪੁਰ ਰਾਜੀਵ ਕੁਮਾਰ ਪੁਲਸ ਚੌਕੀ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕ ਕਾਲੀ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਕਾਲੀ ਦੀ ਮੌਤ ਕੁੱਟਮਾਰ ਨਾਲ ਨਹੀਂ ਸਗੋਂ ਨਸ਼ੇ ਕਾਰਨ ਹੋਈ ਹੈ, ਇਸ ਲਈ ਤੁਸੀਂ ਬਿਆਨ ਦਰਜ ਕਰਵਾ ਦਿਓ, ਤੁਹਾਨੂੰ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਵੇਗੀ, ਜਿਸ ’ਤੇ ਮ੍ਰਿਤਕ ਕਾਲੀ ਦੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਨਹੀਂ ਜਤਾਈ। ਚੌਕੀ ਇੰਚਾਰਜ ਬਲਵੀਰ ਸਿੰਘ ਅਨੁਸਾਰ ਸ਼ਨੀਵਾਰ ਨੂੰ ਪਿੰਡ ਬੂਟਰਾਂ ’ਚ ਪੁਲਸ ਨੇ ਨੌਜਵਾਨ ਕਾਲੀ ਨੂੰ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਵੇਚਦੇ ਹੋਏ ਵੇਖਿਆ। ਪੁਲਸ ਨੂੰ ਦੇਖ ਕੇ ਨੌਜਵਾਨ ਨੇ ਨਸ਼ੀਲੇ ਪਦਾਰਥ ਦਾ ਲਿਫ਼ਾਫ਼ਾ ਮੂੰਹ ’ਚ ਪਾ ਕੇ ਨਿਗਲ ਲਿਆ। ਇਸ ਤੋਂ ਬਾਅਦ ਉਸ ਨੂੰ ਚੌਕੀ ਲਿਆਂਦਾ ਗਿਆ। ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਚੌਕੀ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ’ਤੇ ਨੌਜਵਾਨ ਨੂੰ ਸਹੀ-ਸਲਾਮਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪੁਲਸ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਲੈ ਕੇ ਜਾਣ ਦੀ ਸਲਾਹ ਦਿੱਤੀ ਸੀ। ਅਗਲੇ ਦਿਨ ਸਵੇਰੇ ਸੂਚਨਾ ਮਿਲੀ ਕਿ ਰਾਤ ਨੂੰ ਸੁੱਤੇ ਕਾਲੀ ਦੀ ਸਵੇਰੇ ਮੌਤ ਹੋ ਗਈ। ਮਾਮਲੇ ’ਚ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਨਤੀਜਿਆਂ ਤੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਣੀ ਬਾਕੀ ਹੈ। ਇੰਚਾਰਜ ਰਜਿੰਦਰ ਸਿੰਘ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਬੂਟਰਾਂ ’ਚ ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੰਜਾਬ ਸਰਕਾਰ ਅਤੇ ਪੁਲਸ ਦਾ ਝੂਠ ਉਜਾਗਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਾਫ਼ ਹੋ ਗਿਆ ਹੈ ਕਿ ਨਸ਼ਾ ਪੁਲਸ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ। ਜੇਕਰ ਨੌਜਵਾਨ ਨਸ਼ਾ ਵੇਚ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਕਿਉਂ ਛੱਡਿਆ ਅਤੇ ਕਿਸ ਦੇ ਕਹਿਣ ’ਤੇ ਛੱਡਿਆ ਗਿਆ।

