Sheikh Hasina’s arrest confirmed as soon as she returns to Bangladesh, Law Minister says – ‘She won’t even get a chance to surrender’
ਬੰਗਲਾਦੇਸ਼ ਪਰਤਦੇ ਹੀ ਸ਼ੇਖ ਹਸੀਨਾ ਦੀ ਗ੍ਰਿਫ਼ਤਾਰੀ ਤੈਅ, ਕਾਨੂੰਨ ਮੰਤਰੀ ਨੇ ਕਿਹਾ- ‘ਸਰੰਡਰ ਦਾ ਵੀ ਨਹੀਂ ਮਿਲੇਗਾ ਮੌਕਾ’
ਢਾਕਾ (ਆਵਾਜ਼ਿ ਕੌਮ ਬਿਊਰੋ)- ਬੰਗਲਾਦੇਸ਼ ਦੀ ਤਾਰਿਕ ਰਹਿਮਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਬੇਹੱਦ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਬੰਗਲਾਦੇਸ਼ ਦੇ ਕਾਨੂੰਨ ਮੰਤਰੀ ਐੱਮ ਅਸਦੁਜ਼ਮਾਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੇਖ ਹਸੀਨਾ ਦੇ ਭਾਰਤ ਤੋਂ ਪਰਤਦੇ ਹੀ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੰਤਰੀ ਨੇ ਸਪੱਸ਼ਟ ਕੀਤਾ ਕਿ ਹਸੀਨਾ ਨੂੰ ਅਦਾਲਤ ਵਿੱਚ ਜਾ ਕੇ ਸਰੰਡਰ (ਆਤਮ-ਸਮਰਪਣ) ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਹਸੀਨਾ ਨੂੰ ਸਿੱਧਾ ਅਦਾਲਤ ਵਿੱਚ ਸਰੰਡਰ ਕਰਨ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਕੋਲ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਨ ਦੇ ਰਸਤੇ ਖੁੱਲ੍ਹ ਜਾਣਗੇ, ਜਿਸ ਨੂੰ ਸਰਕਾਰ ਰੋਕਣਾ ਚਾਹੁੰਦੀ ਹੈ। ਕਾਨੂੰਨ ਮੰਤਰੀ ਅਸਦੁਜ਼ਮਾਨ ਨੇ ਕਿਹਾ ਕਿ ਭਾਵੇਂ 78 ਸਾਲਾ ਹਸੀਨਾ ਨੂੰ ਦੇਸ਼ ਪਰਤਣ ਦਾ ਹੱਕ ਹੈ, ਪਰ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਜਿਵੇਂ ਹੀ ਉਹ ਬੰਗਲਾਦੇਸ਼ ਦੀ ਸੀਮਾ ਵਿੱਚ ਦਾਖਲ ਹੋਣਗੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਦੋਂ ਉਨ੍ਹਾਂ ਤੋਂ ਹਸੀਨਾ ਦੇ ਰੱਦ ਕੀਤੇ ਗਏ ਪਾਸਪੋਰਟ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਮੱਸਿਆ ਹੈ। ਦੂਜੇ ਪਾਸੇ, ਸ਼ੇਖ ਹਸੀਨਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਐਲਾਨ ਕੀਤਾ ਸੀ ਕਿ ਉਹ ਦਸੰਬਰ ਤੱਕ ਬੰਗਲਾਦੇਸ਼ ਵਾਪਸ ਆਉਣ ਲਈ ਦ੍ਰਿੜ ਹਨ। ਹਸੀਨਾ ਨੇ ਕਿਹਾ ਸੀ, “ਹੋ ਸਕਦਾ ਹੈ ਕਿ ਮੇਰੀ ਹੱਤਿਆ ਕਰ ਦਿੱਤੀ ਜਾਵੇ ਜਾਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ, ਪਰ ਮੈਂ ਵਾਪਸ ਜਾਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਲੋਕ ਮੈਨੂੰ ਬੁਲਾ ਰਹੇ ਹਨ”। ਜ਼ਿਕਰਯੋਗ ਹੈ ਕਿ ਅਗਸਤ 2024 ਵਿੱਚ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹਸੀਨਾ ਦੀ ਸਰਕਾਰ ਡਿੱਗ ਗਈ ਸੀ ਅਤੇ ਉਹ ਭਾਰਤ ਚਲੇ ਗਏ ਸਨ। ਨਵੰਬਰ 2025 ਵਿੱਚ ਬੰਗਲਾਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਮੌਜੂਦਾ ਬੰਗਲਾਦੇਸ਼ ਸਰਕਾਰ ਕਾਫੀ ਸਮੇਂ ਤੋਂ ਭਾਰਤ ਤੋਂ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ।

