Siddaramaiah Resigns, DK Shivakumar Set to Become New Karnataka CM
ਕਰਨਾਟਕਾ CM ਸਿੱਧਾਰਮਈਆ ਨੇ ਦਿੱਤਾ ਅਸਤੀਫਾ, ਡੀਕੇ ਸ਼ਿਵਕੁਮਾਰ ਹੋਣਗੇ ਨਵੇਂ ਮੁੱਖ ਮੰਤਰੀ

28 ਮਈ 2026, ਬੈਂਗਲੁਰੂ – ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਕਾਂਗਰਸ ਸਰਕਾਰ ਅੰਦਰ ਤਿੰਨ ਸਾਲਾਂ ਤੋਂ ਚੱਲ ਰਿਹਾ ਲੀਡਰਸ਼ਿਪ ਵਿਵਾਦ ਖਤਮ ਹੋ ਗਿਆ ਹੈ।
ਸਿੱਧਾਰਮਈਆ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਡਿਪਟੀ ਡੀਕੇ ਸ਼ਿਵਕੁਮਾਰ ਹੁਣ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਇਸ ਐਲਾਨ ਤੋਂ ਬਾਅਦ ਸਿੱਧਾਰਮਈਆ ਦੇ ਸਮਰਥਕ ਭਾਵੁਕ ਨਜ਼ਰ ਆਏ। ਕਈ ਸਮਰਥਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਦਿਆਂ ਹੰਝੂ ਵੀ ਵਗਾਏ।
ਇਸ ਦੌਰਾਨ ਕਰਨਾਟਕ ਕਾਂਗਰਸ ਨੇ ਸੋਸ਼ਲ ਮੀਡੀਆ ‘ਤੇ ਸਿੱਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਪਾਰਟੀ ਏਕਤਾ ਦਾ ਸੰਦੇਸ਼ ਦਿੱਤਾ। ਪਾਰਟੀ ਨੇ ਕਿਹਾ ਕਿ “ਏਕਤਾ ਸਾਡੀ ਤਾਕਤ ਹੈ ਅਤੇ ਲੋਕ ਸੇਵਾ ਸਾਡੀ ਵਚਨਬੱਧਤਾ ਹੈ।”
ਰਿਪੋਰਟਾਂ ਮੁਤਾਬਕ ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਚਰਚਾ ਹੈ ਕਿ ਸਿੱਧਾਰਮਈਆ ਨੂੰ ਰਾਜ ਸਭਾ ਸੀਟ ਸਮੇਤ ਕੁਝ ਹੋਰ ਜ਼ਿੰਮੇਵਾਰੀਆਂ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਸੋਮਵਾਰ ਅਤੇ ਮੰਗਲਵਾਰ ਨੂੰ ਸਿੱਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਸਨ।
