Sikhs’ character assassination and desecration of ‘Siri Sahib’ through web series in Italy, huge anger among Sikh community
ਇਟਲੀ ‘ਚ ਵੈੱਬ ਸੀਰੀਜ਼ ਰਾਹੀਂ ਸਿੱਖਾਂ ਦੀ ਕਿਰਦਾਰਕੁਸ਼ੀ ਅਤੇ ‘ਸਿਰੀ ਸਾਹਿਬ’ ਦੀ ਬੇਅਦਬੀ, ਸਿੱਖ ਸੰਗਤਾਂ ‘ਚ ਭਾਰੀ ਰੋਹ
ਇਟਲੀ (ਆਵਾਜ਼ਿ ਕੌਮ ਬਿਊਰੋ)-ਇਤਿਹਾਸ ਗਵਾਹ ਹੈ ਕਿ ਦੁਨੀਆ ਦੇ 5ਵੇਂ ਨਿਰਾਲੇ ਤੇ ਵਿਲੱਖਣ ਮਹਾਨ ਸਿੱਖ ਧਰਮ ਦੀਆਂ ਨੀਹਾਂ ਵਿੱਚ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਰਜਨ ਦੇਵ ਜੀਓ ਮਹਾਰਾਜ ਨੇ ਇੱਟਾਂ ਨਹੀਂ ਸਗੋਂ ਸਿਰਾਂ ਦੀ ਚਿਣਾਈ ਕਰਵਾਈ ਤਾਂ ਜੋ ਗੁਰੂ ਨਾਨਕ ਦੇਵ ਜੀਓ ਦੁਆਰਾ ਥਾਪੇ ਮਹਾਨ ਸਿੱਖ ਧਰਮ ਦੇ ਸਿੱਖ ਦੀ ਪਹਿਚਾਣ ਨਿੱਡਰ, ਨਿਧੜਕ, ਨਿਰਭਊ ਤੇ ਨਿਰਵੈਰ ਸਿੱਖ ਵਜੋਂ ਹੋ ਸਕੇ। ਸਿੱਖੀ ਕੀ ਹੈ, ਸਿੱਖ ਕੀ ਹੈ, ਇਸ ਨੂੰ ਸਮਝਾਉਣ ਲਈ ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿਣ ਬਸੇਰਾ ਕਰਦਾ ਗੁਰੂ ਨਾਨਕ ਦਾ ਸਿੱਖ ਨਗਰ ਕੀਰਤਨ, ਗੁਰਮਤਿ ਸਮਾਗਮ ਤੇ ਕਈ ਹੋਰ ਧਾਰਮਿਕ ਸਮਾਗਮਾਂ ਦੁਆਰਾ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਰੁਪਏ ਆਪਣੀ ਦਸੌਂਧ ਵਿੱਚੋਂ ਖਰਚ ਕਰਦਾ ਹੈ। ਯੂਰਪੀਅਨ ਦੇਸ਼ ਇਟਲੀ ਵਿੱਚ ਵੀ ਸਿੱਖ ਸੰਗਤਾਂ ਹਰ ਸਾਲ ਜਿੱਥੇ ਲੱਖਾਂ ਯੂਰੋ ਨਗਰ ਕੀਰਤਨਾਂ ਉੱਪਰ ਖਰਚ ਕਰਕੇ ਸਥਾਨਕ ਇਟਾਲੀਅਨ ਲੋਕਾਂ ਤੇ ਸਰਕਾਰ ਨੂੰ ਸਿੱਖੀ ਦੀ ਪਰਿਭਾਸ਼ਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਫ਼ਸੋਸ ਸਿੱਖ ਸੰਗਤ ਹਾਲੇ ਤੱਕ ਆਪਣੇ ਇਸ ਮਕਸਦ ਵਿੱਚ ਉਸ ਢੰਗ ਨਾਲ ਕਾਮਯਾਬ ਨਹੀਂ ਹੋ ਸਕੀ ਜਿਸ ਢੰਗ ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਖਰਚ ਹੋ ਰਿਹਾ ਹੈ। ਇਟਲੀ ਵਿੱਚ ਕਦੀ ਇਟਾਲੀਅਨ ਮੀਡੀਆ ਸਿੱਖਾਂ ਨੂੰ ਸਿੱਖ ਮਾਫ਼ੀਆ ਲਿਖ ਦਿੰਦਾ ਹੈ ਤੇ ਕਦੀ ਸਿੱਖਾਂ ਦੇ ਕਾਰਟੂਨ ਬਣਾ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਕਰਦੇ ਹਨ। ਬੇਸ਼ੱਕ ਕਿ ਫਿਰ ਅਜਿਹੇ ਕੰਮ ਕਰਨ ਵਾਲੇ ਆਪਣੀ ਗਲਤੀ ਵੀ ਮੰਨ ਲੈਂਦੇ ਹਨ ਪਰ ਸਵਾਲ ਇਹ ਖੜ੍ਹਾ ਹੁੰਦਾ ਕਿ ਹਰ ਵਾਰ ਸਿੱਖਾਂ ਨੂੰ ਹੀ ਕਿਉਂ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ, ਜਦੋਂ ਕਿ ਜੇਕਰ ਇਟਲੀ ਦੀ ਉਨੱਤੀ ਨੂੰ ਪੜਚੋਲਿਆ ਜਾਵੇ ਤਾਂ ਇਸ ਵਿੱਚ ਸਿੱਖ ਸਮਾਜ ਦਾ ਅਹਿਮ ਯੋਗਦਾਨ ਸਾਹਮਣੇ ਆਵੇਗਾ। ਇਟਲੀ ਦਾ ਸਿੱਖ ਸਮਾਜ ਹਮੇਸ਼ਾ ਹੀ ਇਟਲੀ ਦੇ ਔਖੇ ਸਮੇਂ ਵਿੱਚ ਸਥਾਨਕ ਲੋਕਾਂ ਨਾਲ ਮੋਢੇ ਨਾਲ ਮੋਢੇ ਲਾ ਖੜ੍ਹਿਆ ਹੈ ਉਹ ਚਾਹੇ ਕਰੋਨਾ ਦੀ ਮਹਾਮਾਰੀ ਹੋਵੇ ਜਾਂ ਕੁਦਰਤੀ ਆਫ਼ਤ ਹੜ੍ਹ ਫਿਰ ਸਮਝ ਤੋਂ ਬਾਹਰ ਲੱਗ ਰਿਹਾ ਹੈ ਕਿਉਂ ਇਟਲੀ ਵਿੱਚ ਸਿੱਖ ਸਮਾਜ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਆਖਿ਼ਰ ਕਿਉਂ? ਇਸ ਦਾ ਸਹੀ ਜਵਾਬ ਸ਼ਾਇਦ ਇਟਾਲੀਅਨ ਲੋਕ ਦੇਣਾ ਨਹੀਂ ਚਾਹੁੰਦੇ ਜਦੋਂ ਕਿ ਇਟਲੀ ਦੇ ਸਿੱਖ ਸਮਾਜ ਦੀ ਕਿਰਦਾਰਕੁਸ਼ੀ ਕੁਝ ਲੋਕ ਕਰਨੋਂ ਰਤਾ ਵੀ ਨਹੀ ਝਿਜਕ ਰਹੇ ਜਿਸ ਦੀ ਇੱਕ ਵੱਡੀ ਉਦਾਹਰਣ ਉਦੋਂ ਸਾਹਮਣੇ ਆਈ। ਜਦੋਂ ਹਾਲ ਹੀ ਵਿੱਚ ਇੱਕ ਫਿਲਮਨੁਮਾ ਵੈੱਬ ਸੀਰੀਜ਼ ਵਿੱਚ ਸਿਰਫ਼ ਇਟਲੀ ਦੇ ਸਿੱਖਾਂ ਦੀ ਕਿਰਦਾਰਕੁਸੀ ਹੀ ਨਹੀਂ ਕੀਤੀ ਸਗੋਂ ਇਸ ਵੈੱਬ ਸੀਰੀਜ਼ ਵਿੱਚ ਮਹਾਨ ਸਿੱਖ ਧਰਮ ਦੇ ਕਕਾਰ ਸਿਰੀ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ ਜਿਸ ਨਾਲ ਇਟਲੀ ਦੀ ਸਿੱਖ ਸੰਗਤ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਹ ਵੈੱਬ ਸੀਰੀਜ਼ ਜਿਸ ਨੂੰ ਇਟਲੀ ਦੇ ਇਮੀਲੀਆ ਰੋਮਾਨਾ ਸੂਬੇ ਵਿੱਚ ਫਿਲਮਾਇਆ ਗਿਆ, ਇਸ ਵਿੱਚ ਇਟਾਲੀਅਨ ਤੇ ਸਿੱਖ ਪੰਜਾਬੀ ਭਾਈਚਾਰੇ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਇਟਾਲੀਅਨ ਤੇ ਸਿੱਖ ਪਰਿਵਾਰ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਪਰ ਅਫ਼ਸੋਸ ਕੁਝ ਅਜਿਹੇ ਦ੍ਰਿਸ਼ ਹਨ ਜਿਹੜੇ ਕਿ ਸਿਰਫ਼ ਸਿੱਖਾਂ ਦੀ ਕਿਰਦਾਰਕੁਸੀ ਹੀ ਨਹੀਂ ਕਰਦੇ, ਸਗੋਂ ਇਟਲੀ ਦੇ ਸਿੱਖ ਸਮਾਜ ਦਾ ਮਜ਼ਾਕ ਵੀ ਉਡਾ ਰਹੇ ਹਨ। ਹੋਰ ਤਾਂ ਹੋਰ ਮਹਾਨ ਸਿੱਖ ਧਰਮ ਦੇ ਕਕਾਰ ਸਿਰੀ ਸਾਹਿਬ ਦੀ ਬੇਅਦਬੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਗੱਲ ਦੀ ਜਾਣਕਾਰੀ ਵੀ ਆ ਰਹੀ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਇਟਲੀ ਦੇ ਕਈ ਅੰਮ੍ਰਿਤਧਾਰੀ ਸਿੰਘਾਂ ਵੀ ਕੰਮ ਕੀਤਾ ਹੈ ਅਤੇ ਇਸ ਦਾ ਪ੍ਰੀਮੀਅਮ ਸਥਾਨਕ ਇੱਕ ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੇਖਿਆ ਵੀ ਸੀ ਪਰ ਇਸ ਦੇ ਬਾਵਜੂਦ ਇਹ ਸਭ ਕਿਵੇਂ ਹੋ ਗਿਆ ਹੈਰਾਨ ਕਰਦੀ ਘਟਨਾ ਹੈ। ਇਸ ਵੈੱਬ ਸੀਰੀਜ਼ ਵਿੱਚ ਸਿੱਖਾਂ ਦੇ ਅਕਸ ਨੂੰ ਜਿਸ ਗਲਤ ਢੰਗ ਨਾਲ ਦਿਖਾਇਆ ਉਸ ਖਿਲਾਫ਼ ਇਟਲੀ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੇ ਪ੍ਰੈੱਸ ਰਾਹੀਂ ਜ਼ਿੰਮੇਵਾਰ ਲੋਕਾਂ ਨੂੰ ਇਸ ਨੂੰ ਜਲਦ ਇੰਟਰਨੈੱਟ ਤੋਂ ਹਟਾਉਣ ਲਈ ਕਿਹਾ, ਉੱਥੇ ਇਸ ਮਹਾ ਗਲਤੀ ਦੀ ਮੁਆਫ਼ੀ ਵੀ ਮੰਗਣ ਦੀ ਗੱਲ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਟਲੀ ਦੀ ਸਿੱਖ ਸੰਗਤ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦੀ ਹੈ।

