ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੀ ਚੁੱਪ ਨੇ ਬਾਦਲਕਿਆਂ ਨੂੰ ਮੁੜ ਮੌਕਾ ਦਿੱਤਾ: ਇੰਟਰਨੈਸ਼ਨਲ ਪੰਥਕ ਦਲ

27 ਫ਼ਰਵਰੀ 2026, ਬਰਮਿੰਘਮ (ਇੰਗਲੈਂਡ) – ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਇੰਗਲੈਂਡ ਤੋਂ ਪ੍ਰਧਾਨ ਭਾਈ ਰਘਬੀਰ ਸਿੰਘ, ਅੰਤਰਰਾਸ਼ਟਰੀ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ, ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਭਾਈ ਕਪਤਾਨ ਸਿੰਘ, ਇਟਲੀ ਤੋਂ ਪ੍ਰਧਾਨ ਪ੍ਰਗਟ ਸਿੰਘ ਅਤੇ ਆਸਟਰੀਆ ਤੋਂ ਪ੍ਰਧਾਨ ਨਛੱਤਰ ਸਿੰਘ ਵੱਲੋਂ ਸਾਂਝੇ ਬਿਆਨ ਵਿੱਚ Shiromani Gurdwara Parbandhak Committee ਵੱਲੋਂ ਲਏ ਗਏ ਅੱਜ ਦੇ ਫੈਸਲੇ ਦੀ ਨਿੰਦਾ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜੋ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਨੇ ਸਵਾਲ ਕੀਤੇ ਸਨ, ਉਹਨਾਂ ਦਾ ਤਸੱਲੀਬਖ਼ਸ਼ ਜਵਾਬ ਦਿੱਤਾ ਜਾਂਦਾ, ਪਰ ਐਸਾ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਦੇ ਅਧੀਨ ਚਲਦੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਕੌਮ ਦੇ ਫੈਸਲੇ ਸਲਾਹ-ਮਸ਼ਵਰੇ ਨਾਲ ਕੀਤੇ ਜਾਣ। ਇਸ ਕਰਕੇ ਹੀ ਜਿਹੜੇ ਜਥੇਦਾਰਾਂ ਨੇ 2 ਦਸੰਬਰ 2024 ਨੂੰ ਆਦੇਸ਼ ਕੀਤੇ ਸਨ, ਉਹਨਾਂ ਸਾਰਿਆਂ ਨੂੰ ਵਾਰੋ-ਵਾਰੀ ਜ਼ਲੀਲ ਕਰਕੇ ਸੇਵਾ ਮੁਕਤ ਕਰ ਦਿੱਤਾ ਗਿਆ। ਬਿਆਨ ਅਨੁਸਾਰ ਹਾਲਾਤ ਇਹੋ ਜਿਹੇ ਵੀ ਬਣੇ ਸਨ ਜਦੋਂ ਪ੍ਰਧਾਨ ਧਾਮੀ ਸਾਹਿਬ ਨੇ ਕੌਮ ਨਾਲ ਵਾਅਦਾ ਕੀਤਾ ਸੀ ਕਿ ਅੱਗੇ ਤੋਂ ਕਿਸੇ ਵੀ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਮੁੱਚੀ ਕੌਮ ਨੂੰ ਪੁੱਛ ਕੇ ਬਣਾਈ ਗਈ ਕਮੇਟੀ ਦੇ ਫੈਸਲੇ ਅਨੁਸਾਰ ਕੀਤੀ ਜਾਵੇਗੀ, ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਦੇਸ਼ ਅਤੇ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਦੀ ਚੁੱਪ ਨੇ ਬਾਦਲਕਿਆਂ ਨੂੰ ਮੁੜ ਮਨਮਰਜ਼ੀ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇੰਗਲੈਂਡ, ਅਮਰੀਕਾ, ਕਨੇਡਾ ਅਤੇ ਯੂਰਪ ਵਿੱਚ ਜਥੇਬੰਦੀਆਂ ਵੱਲੋਂ ਵੱਡੇ ਫੈਸਲੇ ਕੀਤੇ ਗਏ ਸਨ ਕਿ ਬਾਦਲਕਿਆਂ ਨੂੰ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ, ਪਰ ਮੌਕੇ ’ਤੇ ਬਹੁਤੀਆਂ ਜਥੇਬੰਦੀਆਂ ਅਤੇ ਸੰਪਰਦਾਵਾਂ ਚੁੱਪ ਰਹੀਆਂ। ਆਗੂਆਂ ਨੇ ਕਿਹਾ ਕਿ ਜਿਵੇਂ ਪਹਿਲਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੋਲਣਾ ਚਾਹੀਦਾ ਸੀ, ਉਹਨਾਂ ਨੇ ਵੀ ਮੌਕਾ ਨਹੀਂ ਸੰਭਾਲਿਆ। ਇਸ ਤਰ੍ਹਾਂ ਮੌਕੇ ’ਤੇ ਚੁੱਪ ਰਹਿਣ ਵਾਲੀਆਂ ਜਥੇਬੰਦੀਆਂ ਵੀ ਉਨ੍ਹਾਂ ਦੇ ਮਤਾਬਕ ਉਤਨੀ ਹੀ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇੱਕ-ਦੁੱਕਾ ਜਥੇਬੰਦੀਆਂ ਆਪਣਾ ਫਰਜ ਨਿਭਾਉਂਦੀਆਂ ਰਹੀਆਂ, ਪਰ ਸਮੁੱਚੇ ਰੂਪ ਵਿੱਚ ਕੌਮ ਇਕੱਠੀ ਹੋ ਕੇ ਮੌਕਾ ਨਹੀਂ ਸੰਭਾਲ ਸਕੀ। ਇਸ ਕਰਕੇ ਹੀ ਅੱਜ ਐਗਜ਼ੈਕਟਿਵ ਕਮੇਟੀ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਕੌਮ ਉੱਤੇ ਥੋਪੇ ਜਾ ਰਹੇ ਹਨ। ਬਿਆਨ ਵਿੱਚ ਕਿਹਾ ਗਿਆ ਕਿ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਹੁਣ ਸਮਾਂ ਹੈ ਕਿ ਸਰਬੱਤ ਖਾਲਸਾ ਸੱਦਿਆ ਜਾਵੇ। ਆਗੂਆਂ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਕੋਲ ਵੀ ਪਹਿਲਾਂ ਮੌਕਾ ਸੀ ਪਰ ਉਹਨਾਂ ਨੇ ਸਰਬੱਤ ਖਾਲਸਾ ਨਹੀਂ ਸੱਦਿਆ। ਹੁਣ ਸਮੁੱਚੀ ਕੌਮ, ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਨੂੰ ਇਕੱਠੇ ਹੋ ਕੇ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ Sri Akal Takht Sahib ’ਤੇ ਸਰਬੱਤ ਖਾਲਸਾ ਸੱਦਿਆ ਜਾਵੇ ਅਤੇ ਕੌਮ ਦੇ ਵੱਡੇ ਹਿੱਤਾਂ ਲਈ ਸਾਂਝੇ ਫੈਸਲੇ ਕੀਤੇ ਜਾਣ, ਤਾਂ ਜੋ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਚੁੰਗਲ ਗਲ ਤੋਂ ਆਜ਼ਾਦ ਹੋ ਸਕੇ ਅਤੇ ਸਿੱਖ ਕੌਮ ਆਪਣੇ ਪੰਥਕ ਫੈਸਲੇ ਆਪਣੇ ਹਿਸਾਬ ਨਾਲ ਕਰ ਸਕੇ।

