Singh Sahib Giani Harpreet Singh’s appeal: Centre and Punjab government should make joint efforts for flood-hit Punjab; honour ceremonies cancelled.

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਪੀਲ: ਹੜ੍ਹਾਂ ਪੀੜਤ ਪੰਜਾਬ ਲਈ ਕੇਂਦਰ-ਸੂਬਾ ਕਰੇ ਸਾਂਝੇ ਉਪਰਾਲੇ, ਸਨਮਾਨ ਸਮਾਗਮ ਰੱਦ

ਅੰਮ੍ਰਿਤਸਰ, 26 ਅਗਸਤ 2025 ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ’ਚ ਹੜ੍ਹਾਂ ਕਾਰਨ ਪੈਦਾ ਹੋਏ ਸੰਕਟ ’ਤੇ ਗਹਿਰੀ ਚਿੰਤਾ ਜਤਾਉਂਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਸਾਂਝੇ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਚਪੇਟ ’ਚ ਹੈ, ਜਿਸ ਨਾਲ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਹਰ ਵਰਗ ਇਸ ਕੁਦਰਤੀ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਪੀੜਤ ਪਰਿਵਾਰ ਤੱਕ ਰਾਹਤ ਪਹੁੰਚਾਈ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਕੁਦਰਤੀ ਆਫਤ ਪ੍ਰਬੰਧਨ ਫੰਡ ਤੁਰੰਤ ਜਾਰੀ ਕਰਨ ਅਤੇ ਪੰਜਾਬ ਨੂੰ ਬੇਗਾਨਗੀ ਨਾਲ ਨਾ ਵੇਖਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਸਰਕਾਰ ਨਾਲ ਸੰਪਰਕ ਕਰਕੇ ਵਿੱਤੀ ਮਦਦ ਦਾ ਐਲਾਨ ਕਰੇ। ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਬਿਆਨਾਂ ਦੀ ਬਜਾਏ ਪ੍ਰਭਾਵਿਤ ਇਲਾਕਿਆਂ ਨੂੰ ਪੂਰੀ ਭਰਪਾਈ ਮਿਲਣੀ ਚਾਹੀਦੀ ਹੈ, ਜਿਉਂਕਿ ਪਿਛਲੇ ਤਿੰਨ ਸਾਲਾਂ ’ਚ ਹੜ੍ਹਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਰਥਿਕ ਝਟਕਾ ਦਿੱਤਾ ਹੈ।

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਹੜ੍ਹਾਂ ਦੀ ਸਮੱਸਿਆ ਪਿਛਲੇ ਤਿੰਨ ਦਹਾਕਿਆਂ ਤੋਂ ਜਾਰੀ ਹੈ, ਪਰ ਸਰਕਾਰਾਂ ਨੇ ਕੰਢੀ ਖੇਤਰ, ਦਰਿਆ-ਕਿਨਾਰੇ ਅਤੇ ਸਰਹੱਦੀ ਪਿੰਡਾਂ ਦੇ ਨੁਕਸਾਨ ’ਤੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਇਸ ਕਹਿਰ ਤੋਂ ਬਚਣ ਲਈ ਪੱਕੇ ਪ੍ਰਬੰਧ ਜ਼ਰੂਰੀ ਹਨ। ਇਸ ਨਾਜ਼ੁਕ ਸਮੇਂ ’ਚ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੇ ਸਾਰੇ ਸਨਮਾਨ ਸਮਾਗਮ ਰੱਦ ਕਰ ਦਿੱਤੇ ਅਤੇ ਪ੍ਰਭਾਵਿਤ ਲੋਕਾਂ ਦੀ ਸੇਵਾ ਨੂੰ ਆਪਣਾ ਸਭ ਤੋਂ ਵੱਡਾ ਧਰਮ ਦੱਸਿਆ।

ਇਸ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਰਾਹਤ ਸਮੱਗਰੀ ਭੇਜਣ ਅਤੇ ਪਸ਼ੂ ਧਨ ਲਈ ਚਾਰੇ ਦੇ ਪ੍ਰਬੰਧ ’ਚ ਜੁਟਣ ਦਾ ਸੱਦਾ ਦਿੱਤਾ।