Terrible forest fire in Texas: Buildings of ‘Worth Ranch’ youth camp burned, schools closed
ਟੈਕਸਾਸ ਦੇ ਜੰਗਲਾਂ ’ਚ ਭਿਆਨਕ ਅੱਗ: ‘ਵਰਥ ਰੈਂਚ’ ਯੂਥ ਕੈਂਪ ਦੀਆਂ ਇਮਾਰਤਾਂ ਸੜੀਆਂ, ਸਕੂਲ ਹੋਏ ਬੰਦ
ਟੈਕਸਾਸ (ਆਵਾਜ਼ਿ ਕੌਮ ਬਿਊਰੋ)ਅਮਰੀਕਾ ਦੇ ਟੈਕਸਾਸ ਵਿਚ ਜੰਗਲ ਦੀ ਭਿਆਨਕ ਅੱਗ ਨੇ ਕੁਝ ਹੀ ਘੰਟਿਆਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਤੇਜ਼ ਹਵਾਵਾਂ ਅਤੇ ਬੇਹੱਦ ਗਰਮ ਅਤੇ ਖੁਸ਼ਕ ਮੌਸਮ ਦੇ ਵਿਚਾਲੇ ਉੱਤਰ-ਮੱਧ ਟੈਕਸਾਸ ਦੀਆਂ 2 ਕਾਊਂਟੀਆਂ ਵਿਚ ਅੱਗ ਨੇ 200 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਖੇਤਾਂ, ਦਿਹਾਤੀ ਇਲਾਕਿਆਂ ਅਤੇ ਰਿਹਾਇਸ਼ੀ ਢਾਂਚਿਆਂ ਨੂੰ ਖ਼ਤਰਾ ਦੇਖਦੇ ਹੋਏ ਵੱਡੇ ਪੱਧਰ ’ਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ, ਜਦਕਿ ਮੰਗਲਵਾਰ ਨੂੰ ਕਈ ਸਕੂਲ ਵੀ ਬੰਦ ਰੱਖਣੇ ਪਏ। ਸੋਮਵਾਰ ਦੁਪਹਿਰ ਸ਼ੁਰੂ ਹੋਈ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਲਈ ਇਸ ’ਤੇ ਕਾਬੂ ਪਾਉਣਾ ਬੇਹੱਦ ਔਖਾ ਹੋ ਗਿਆ। ਪੈਲੋ ਪਿੰਟੋ ਕਾਊਂਟੀ ਦੇ ਫਾਇਰ ਚੀਫ਼ ਡੈਨੀ ਵਾਟਕਿਨਜ਼ ਨੇ ਕਿਹਾ ਕਿ ਟੀਮਾਂ ਨੇ ਪੂਰੀ ਤਾਕਤ ਲਾ ਦਿੱਤੀ ਪਰ ਅੱਗ ’ਤੇ ਉਮੀਦ ਮੁਤਾਬਕ ਅਸਰ ਨਹੀਂ ਪੈ ਰਿਹਾ ਹੈ। ਮੰਗਲਵਾਰ ਸ਼ਾਮ ਤੱਕ ਸਿਰਫ਼ ਅੱਠ ਫੀਸਦੀ ਅੱਗ ’ਤੇ ਹੀ ਕਾਬੂ ਪਾਇਆ ਜਾ ਸਕਿਆ ਸੀ। ਅੱਗ ਦੀ ਲਪੇਟ ’ਚ ‘ਵਰਥ ਰੈਂਚ’ ਯੂਥ ਕੈਂਪ ਦੀਆਂ ਕਈ ਇਮਾਰਤਾਂ ਵੀ ਆ ਗਈਆਂ। ਹਾਲਾਂਕਿ ਘਟਨਾ ਦੇ ਸਮੇਂ ਕੈਂਪ ਵਿਚ ਕੋਈ ਮੌਜੂਦ ਨਹੀਂ ਸੀ ਅਤੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਗ੍ਰਾਫੋਰਡ ਦੇ ਬਾਹਰ ਇਕ ਪਰਿਵਾਰ ਦਾ ਕਾਰੋਬਾਰ ਵੀ ਅੱਗ ’ਚ ਸੜ ਗਿਆ। ਟੈਕਸਾਸ ਦੀ ਅੱਗ ਅਜਿਹੇ ਸਮੇਂ ਫੈਲੀ ਹੈ ਜਦੋਂ ਅਮਰੀਕਾ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ਵਿਚ ਜੰਗਲ ਦੀ ਅੱਗ ਦੀਆਂ ਘਟਨਾਵਾਂ ਵਧ ਰਹੀਆਂ ਹਨ।

