The 1980s trend has taken everyone by storm! People are rediscovering their past era through AI-generated images
ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸੰਘਣੇ ਵਾਲ, ਪ੍ਰਿੰਟਿਡ ਸ਼ਰਟਾਂ, ਉੱਚੀ ਕਮਰ ਵਾਲੀਆਂ ਪੈਂਟਾਂ, ਚੌੜੇ ਬਾਰਡਰ ਦੀਆਂ ਸਾੜ੍ਹੀਆਂ ਅਤੇ ਵੱਡੀਆਂ ਐਨਕਾਂ। 1980 ਦੇ ਦਹਾਕੇ ਦੀਆਂ ਤਸਵੀਰਾਂ ‘ਚ ਲੋਕਾਂ ਦਾ ਅੰਦਾਜ਼ ਅੱਜ ਨਾਲੋਂ ਕਾਫ਼ੀ ਵੱਖਰਾ ਸੀ। ਲੋਕ ਕੈਮਰੇ ਦੇ ਸਾਹਮਣੇ ਸਿੱਧੇ ਖੜ੍ਹੇ ਹੁੰਦੇ ਸਨ ਅਤੇ ਤਸਵੀਰ ਖਿੱਚਵਾਉਣੀ ਆਪਣੇ-ਆਪ ਵਿਚ ਇਕ ਖ਼ਾਸ ਪਲ ਹੁੰਦਾ ਸੀ। ਤਸਵੀਰ ਤੁਰੰਤ ਵੇਖਣ ਜਾਂ ਮੁੜ ਖਿੱਚਵਾਉਣ ਦੀ ਸਹੂਲਤ ਨਹੀਂ ਸੀ। ਇਸੇ ਪੁਰਾਣੇ ਦੌਰ ਨੂੰ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਦੀ ਮਦਦ ਨਾਲ ਮੁੜ ਜੀਵਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ 1980 ਦੇ ਦਹਾਕੇ ਦੀ ਸ਼ੈਲੀ ਵਿਚ ਤਸਵੀਰਾਂ ਬਦਲਣ ਦਾ ਰੁਝਾਨ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਲੋਕ ਪ੍ਰਸਿੱਧ ਹੋਇਆ ਹੈ। ਲੋਕ ਆਪਣੀ ਤਸਵੀਰ ਚੈਟ ਜੀਪੀਟੀ ਵਿਚ ਪਾ ਕੇ ਉਸ ਨੂੰ 1980 ਦੇ ਦਹਾਕੇ ਦੀ ਭਾਰਤੀ ਤਸਵੀਰ ਵਰਗਾ ਬਣਾਉਣ ਦੀ ਹਦਾਇਤ ਦੇ ਰਹੇ ਹਨ। ਕੁਝ ਹੀ ਸਕਿੰਟਾਂ ‘ਚ ਤਸਵੀਰ ਦਾ ਪਹਿਰਾਵਾ, ਹੇਅਰਸਟਾਈਲ, ਰੰਗ ਅਤੇ ਪੂਰਾ ਮਾਹੌਲ ਬਦਲ ਜਾਂਦਾ ਹੈ। ਏ. ਆਈ. ਸਿਰਫ਼ ਕੱਪੜੇ ਜਾਂ ਵਾਲ ਨਹੀਂ ਬਦਲਦਾ, ਸਗੋਂ ਤਸਵੀਰ ਨੂੰ ਪੁਰਾਣੇ ਦੌਰ ਦੀ ਬਨਾਵਟ ਵੀ ਦਿੰਦਾ ਹੈ। ਹਲਕੇ ਫਿੱਕੇ ਰੰਗ, ਦਾਣੇਦਾਰ ਫੋਟੋ, ਸਾਫਟ ਫੋਕਸ, ਧੁੰਦਲਾਪਨ ਅਤੇ ਕਦੇ-ਕਦੇ ਜ਼ਿਆਦਾ ਰੌਸ਼ਨੀ ਵਰਗੀਆਂ ਖ਼ੂਬੀਆਂ ਪੁਰਾਣੀ ਤਸਵੀਰ ਦਾ ਅਹਿਸਾਸ ਪੈਦਾ ਕਰਦੀਆਂ ਹਨ। ਸੈਲਿਬ੍ਰਿਟੀਜ਼ ਵੀ ਇਸ ਰੁਝਾਨ ਦਾ ਹਿੱਸਾ ਬਣ ਰਹੇ ਹਨ ਅਤੇ ਆਪਣੀਆਂ ਤਸਵੀਰਾਂ ਦੀ ਤੁਲਨਾ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀਆਂ ਪੁਰਾਣੀਆਂ ਤਸਵੀਰਾਂ ਨਾਲ ਕਰ ਰਹੇ ਹਨ। ਇਕ ਰਿਪੋਰਟ ਵਿਚ ਮਨੋਵਿਗਿਆਨੀ ਡਾ. ਮਿਨੀ ਕੇ. ਪਾਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੀਤੇ ਦੌਰ ਪ੍ਰਤੀ ਖਿੱਚ ਸੁਭਾਵਕ ਹੈ। ਲੋਕ ਪਿੱਛੇ ਮੁੜ ਕੇ ਵੇਖਦੇ ਹਨ ਤਾਂ ਅਕਸਰ ਉਨ੍ਹਾਂ ਪਲਾਂ ਨੂੰ ਜ਼ਿਆਦਾ ਯਾਦ ਕਰਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ, ਸੁਰੱਖਿਆ ਜਾਂ ਆਜ਼ਾਦੀ ਦਾ ਅਹਿਸਾਸ ਹੋਇਆ ਸੀ। ਮਨੋਵਿਗਿਆਨ ਵਿਚ ਇਸ ਨੂੰ ‘ਰੋਜ਼ੀ ਰੈਟਰੋਸਪੈਕਸ਼ਨ ਬਾਇਸ’ ਕਿਹਾ ਜਾਂਦਾ ਹੈ। ਇਸ ਵਿਚ ਸਮੇਂ ਦੇ ਨਾਲ ਮੁਸ਼ਕਿਲ ਤਜਰਬਿਆਂ ਦੀ ਯਾਦ ਕਮਜ਼ੋਰ ਪੈ ਸਕਦੀ ਹੈ, ਜਦਕਿ ਸੁਖਦ ਯਾਦਾਂ ਜ਼ਿਆਦਾ ਮਜ਼ਬੂਤ ਬਣੀਆਂ ਰਹਿੰਦੀਆਂ ਹਨ। ਮਨੋਰੋਗ ਮਾਹਿਰ ਡਾ. ਅਰੁਣ ਬੀ. ਨਾਇਰ ਮੁਤਾਬਕ ਅੱਜ ਨੌਕਰੀ, ਪੜ੍ਹਾਈ, ਰਿਸ਼ਤਿਆਂ ਅਤੇ ਆਰਥਿਕ ਦਬਾਅ ਵਰਗੀਆਂ ਕਈ ਪ੍ਰੇਸ਼ਾਨੀਆਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹਨ। ਅਜਿਹੇ ਸਮੇਂ ਵਿਚ ਪੁਰਾਣੇ ਅਤੇ ਮੁਕਾਬਲਤਨ ਖ਼ੁਸ਼ਹਾਲ ਸਮੇਂ ਨੂੰ ਯਾਦ ਕਰਨਾ ਮੌਜੂਦਾ ਪ੍ਰੇਸ਼ਾਨੀਆਂ ਤੋਂ ਕੁਝ ਸਮੇਂ ਲਈ ਭਾਵਨਾਤਮਕ ਦੂਰੀ ਦਿੰਦਾ ਹੈ। ਉਨ੍ਹਾਂ ਮੁਤਾਬਕ ਬੀਤੇ ਸਮੇਂ ਨੂੰ ਬਿਹਤਰ ਮੰਨਣ ਦਾ ਰੁਝਾਨ ਨਵਾਂ ਨਹੀਂ ਹੈ। ਹਰ ਪੀੜ੍ਹੀ ਨੂੰ ਕਿਸੇ ਨਾ ਕਿਸੇ ਸਮੇਂ ਲੱਗਦਾ ਹੈ ਕਿ ‘ਸਾਡੇ ਜ਼ਮਾਨੇ ਵਿਚ ਸਭ ਬਿਹਤਰ ਸੀ।’ ਸਮਾਜ ਸ਼ਾਸਤਰੀ ਜੋਤੀ ਐੱਸ. ਨਾਇਰ ਮੁਤਾਬਕ ਅੱਜ ਦੀ ਜ਼ਿੰਦਗੀ ਤਕਨੀਕ, ਤੇਜ਼ ਰਫ਼ਤਾਰ ਅਤੇ ਲਗਾਤਾਰ ਵਧਦੀਆਂ ਉਤੇਜਨਾਵਾਂ ਨਾਲ ਘਿਰੀ ਹੋਈ ਹੈ। ਇਸ ਕਾਰਨ ਲੋਕ ਉਸ ਦੌਰ ਵੱਲ ਖਿੱਚੇ ਜਾਂਦੇ ਹਨ, ਜਿਸ ਨੂੰ ਉਹ ਵਧੇਰੇ ਮਨੁੱਖੀ ਅਤੇ ਜੁੜਾਅ ਵਾਲਾ ਮੰਨਦੇ ਹਨ। ਨੌਸਟੈਲਜੀਆ ਵਿਅਕਤੀ ਨੂੰ ਕਿਸੇ ਸਮੇਂ, ਭਾਈਚਾਰੇ ਜਾਂ ਸਾਂਝੀ ਯਾਦ ਨਾਲ ਜੁੜਨ ਦਾ ਅਹਿਸਾਸ ਦਿੰਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਦੀ ਪੁਰਾਣੇ ਫੈਸ਼ਨ, ਵਿੰਟੇਜ ਘਰਾਂ ਅਤੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਵਿਚ ਵੀ ਦਿਲਚਸਪੀ ਵਧ ਰਹੀ ਹੈ। ਉਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਏ. ਆਈ. ਨਾਲ ਫੋਟੋ ਐਡਿਟ ਕਰਵਾਉਣ ਦੇ ਨਾਲ ਨਿੱਜਤਾ ਦਾ ਖ਼ਤਰਾ ਵੀ ਜੁੜਿਆ ਹੋਇਆ ਹੈ। ਆਮ ਫੋਟੋ ਨੂੰ ਏ. ਆਈ. ਟੂਲ ਵਿਚ ਅਪਲੋਡ ਕਰਨਾ ਮੁਕਾਬਲਤਨ ਘੱਟ ਖ਼ਤਰੇ ਵਾਲਾ ਹੋ ਸਕਦਾ ਹੈ ਪਰ ਫੋਟੋ ਦੇ ਨਾਲ ਚਿਹਰੇ ਦੀ ਜੈਵਿਕ ਪਛਾਣ ਸਬੰਧੀ ਜਾਣਕਾਰੀ ਅਤੇ ਫੋਟੋ ਦਾ ਮੈਟਾਡਾਟਾ ਵੀ ਸਾਂਝਾ ਹੋ ਸਕਦਾ ਹੈ। ਇਸ ਲਈ ਫੋਟੋ ਅਪਲੋਡ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਕਰ ਲਵੋ ਕਿ ਸਬੰਧਤ ਸੇਵਾ ਫੋਟੋਆਂ ਅਤੇ ਗੱਲਬਾਤ ਨੂੰ ਕਿੰਨੇ ਸਮੇਂ ਤੱਕ ਸੁਰੱਖਿਅਤ ਰੱਖਦੀ ਹੈ ਅਤੇ ਉਨ੍ਹਾਂ ਦੀ ਵਰਤੋਂ ਏ. ਆਈ. ਮਾਡਲ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ ਜਾਂ ਨਹੀਂ। ਬੱਚਿਆਂ ਦੀਆਂ ਤਸਵੀਰਾਂ, ਪਛਾਣ ਪੱਤਰ, ਪਤਾ, ਬੈਂਕ ਜਾਂ ਵਿੱਤੀ ਦਸਤਾਵੇਜ਼ ਵਰਗੀਆਂ ਸੰਵੇਦਨਸ਼ੀਲ ਤਸਵੀਰਾਂ ਏ. ਆਈ. ਟੂਲ ’ਤੇ ਅਪਲੋਡ ਕਰਨ ਤੋਂ ਬਚੋ। ਆਮ ਫੋਟੋ ਐਡਿਟਿੰਗ ਲਈ ਘੱਟ ਰੈਜ਼ੋਲਿਊਸ਼ਨ ਵਾਲੀ ਤਸਵੀਰ ਦੀ ਵਰਤੋਂ ਕਰਨਾ ਵੀ ਬਿਹਤਰ ਹੈ। ਯਾਦ ਰੱਖੋ 1980 ਦੇ ਦਹਾਕੇ ਦਾ ਲੁੱਕ ਭਾਵੇਂ ਪੁਰਾਣੀਆਂ ਯਾਦਾਂ ਤਾਜ਼ਾ ਕਰੇ ਪਰ ਹਰ ਏ. ਆਈ. ਫੋਟੋ ਐਡਿਟ ਨਾਲ ਕੁਝ ਨਿੱਜੀ ਜਾਣਕਾਰੀ ਵੀ ਸਾਂਝੀ ਹੁੰਦੀ ਹੈ।

