The 300-year-old form of Sri Guru Granth Sahib Ji will be adorned; devotees will soon be able to have darshan and visit.
300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣਗੇ ਸੁਸ਼ੋਭਿਤ; ਸੰਗਤਾਂ ਜਲਦ ਕਰ ਸਕਣਗੀਆਂ ਦਰਸ਼ਨ-ਦੀਦਾਰੇ
(ਆਵਾਜ਼ਿ ਕੌਮ ਬਿਊਰੋ)-ਸਕਾਟਲੈਂਡ ਤੋਂ ਸਿੱਖ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਗਭਗ 300 ਸਾਲ ਪੁਰਾਣਾ ਹੱਥ ਲਿਖਤ ਪਾਵਨ ਸਰੂਪ, ਜੋ ਕਿ ਯੂਨਾਈਟਿਡ ਕਿੰਗਡਮ (UK) ਵਿੱਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ, ਜਲਦ ਹੀ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਹ ਸਰੂਪ 1700 ਦੇ ਦਹਾਕੇ ਦਾ ਹੈ। ਇਹ ਪਵਿੱਤਰ ਹੱਥ ਲਿਖਤ ਸਰੂਪ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਅਤੇ ਉੱਤਰਾਧਿਕਾਰੀ ਮਹਾਰਾਜਾ ਖੜਕ ਸਿੰਘ ਦੀ ਮਲਕੀਅਤ ਸੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਸਾਲ 1848 ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਦੁੱਲੇਵਾਲਾ ਕਿਲੇ ‘ਤੇ ਕਬਜ਼ਾ ਕੀਤਾ ਸੀ, ਤਾਂ ਉੱਥੋਂ ਇਹ ਪਾਵਨ ਸਰੂਪ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਪਾਵਨ ਸਰੂਪ ਨੂੰ ਸਰ ਜੌਨ ਸਪੈਂਸਰ ਲੌਗਿਨ ਰਾਹੀਂ ਐਡਿਨਬਰਗ ਯੂਨੀਵਰਸਿਟੀ ਦੇ ਆਰਕਾਈਵਜ਼ (ਪੁਰਾਲੇਖ) ਵਿੱਚ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸਰ ਜੌਨ ਸਪੈਂਸਰ ਲੌਗਿਨ ਉਹੀ ਸ਼ਖ਼ਸ ਸੀ, ਜਿਸ ਨੇ ਸਿੱਖ ਰਾਜ ਦਾ ਪ੍ਰਸਿੱਧ ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਤੱਕ ਪਹੁੰਚਾਇਆ ਸੀ। ਇਹ ਪਾਵਨ ਸਰੂਪ ਸਾਲ 2020 ਵਿੱਚ ਐਡਿਨਬਰਗ ਯੂਨੀਵਰਸਿਟੀ ਦੀ ਡਿਜੀਟਲ ਲਾਇਬ੍ਰੇਰੀ ਦੀ ਜਾਂਚ ਦੌਰਾਨ ਖੋਜਿਆ ਗਿਆ ਸੀ। ਇਸ ਦੀ ਖੋਜ ਇੰਗਲੈਂਡ ਦੇ ਸਿੱਖ ਖੋਜੀਆਂ ਨੇ ਕੀਤੀ ਸੀ, ਜੋ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਸਿੱਖ ਇਤਿਹਾਸ ਨਾਲ ਸਬੰਧਤ ਵਸਤਾਂ ਦੀ ਭਾਲ ਕਰ ਰਹੇ ਸਨ। ਪਾਵਨ ਸਰੂਪ ਦੇ ਦਰਸ਼ਨਾਂ ਦੀ ਤਿਆਰੀ ਲਈ ਐਡਿਨਬਰਗ ਵਿੱਚ ਭਾਰਤੀ ਕੌਂਸਲੇਟ ਜਨਰਲ (CGI), ਗੁਰਦੁਆਰਾ ਪ੍ਰਬੰਧਕਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਵਿਚਕਾਰ ਇੱਕ ਅਹਿਮ ਤਾਲਮੇਲ ਮੀਟਿੰਗ ਹੋਈ ਹੈ। ਸੈਂਟਰਲ ਗੁਰਦੁਆਰਾ ਗਲਾਸਗੋ ਵਿਖੇ ਸੰਗਤਾਂ ਨੂੰ ਇਸ ਪੁਰਾਤਨ ਸਰੂਪ ਦੇ ਦਰਸ਼ਨ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਦੀ ਹੈਰੀਟੇਜ ਕਲੈਕਸ਼ਨ ਟੀਮ ਅਤੇ ਸਿੱਖ ਸੰਸਥਾ ‘ਸਿੱਖ ਸੰਜੋਗ’ ਦੀ ਨਿਰਦੇਸ਼ਕ ਤ੍ਰਿਸ਼ਨਾ ਸਿੰਘ ਅਨੁਸਾਰ ਇਸ ਪਾਵਨ ਸਰੂਪ ਦੀ ਬਹੁਤ ਹੀ ਬਾਰੀਕੀ ਨਾਲ ਸੰਭਾਲ ਅਤੇ ਬਹਾਲੀ ਕੀਤੀ ਗਈ ਹੈ। ਤ੍ਰਿਸ਼ਨਾ ਸਿੰਘ ਨੇ ਇਸ ਨੂੰ ਆਪਣੀ ਇਤਿਹਾਸਕ ਵਿਰਾਸਤ ਦਾ ਇੱਕ ਸ਼ਾਨਦਾਰ ਹਿੱਸਾ ਦੱਸਿਆ। ਪਿਛਲੇ ਸਾਲ ਨਵੰਬਰ ਵਿੱਚ ਐਡਿਨਬਰਗ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਕੇ ਸੰਗਤਾਂ ਨੇ ਇਸ ਪਾਵਨ ਸਰੂਪ ਦਾ ਸਵਾਗਤ ਕੀਤਾ ਸੀ।

