‘The biggest threat to Canada is America…!’ — What did Carney just say in the context of strengthening ties with China?
‘ਕੈਨੇਡਾ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਮਰੀਕਾ..!’, ਚੀਨ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਆਹ ਕੀ ਕਹਿ ਗਏ ਕਾਰਨੀ
Canada, (ਆਵਾਜ਼ਿ ਕੌਮ ਬਿਊਰੋ)-ਬੀਤੇ ਕੁਝ ਸਮੇਂ ਤੋਂ 2 ਤਾਕਤਵਰ ਗੁਆਂਢੀ ਦੇਸ਼ਾਂ ਅਮਰੀਕਾ ਤੇ ਕੈਨੇਡਾ ਦੇ ਰਿਸ਼ਤਿਆਂ ‘ਚ ਕਾਫ਼ੀ ਕੜਵਾਹਟ ਆ ਗਈ ਹੈ, ਜਿਸ ਦੀ ਸਭ ਤੋਂ ਵੱਡੀ ਵਜ੍ਹਾ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ‘ਤੇ ਟੈਰਿਫ਼ ਲਗਾਉਣਾ ਅਤੇ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਰਗੇ ਬਿਆਨ ਹਨ। ਇਸੇ ਦੌਰਾਨ ਅਮਰੀਕਾ ਨਾਲ ਵਿਗੜਦੇ ਰਿਸ਼ਤਿਆਂ ਵਿਚਾਲੇ ਚੀਨ ਨਾਲ ਸਬੰਧ ਮਜ਼ਬੂਤ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਕ ਬੇਹੱਦ ਵਿਵਾਦਪੂਰਨ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਨੂੰ ਚੀਨ ਦੇ ਮੁਕਾਬਲੇ ਅਮਰੀਕਾ ਤੋਂ ਜ਼ਿਆਦਾ ਖ਼ਤਰਾ ਹੈ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੈਨੇਡਾ ਅਤੇ ਚੀਨ ਨੇ ਆਪਣੇ ਵਿੱਤੀ ਖੇਤਰਾਂ ਵਿੱਚ ਭਾਈਵਾਲੀ ਵਧਾਉਣ ‘ਤੇ ਸਹਿਮਤੀ ਜਤਾਈ ਹੈ ਅਤੇ ਕਾਰਨੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸ਼ੈਨਜ਼ੇਨ ‘ਚ ਹੋਣ ਵਾਲੀ APEC ਬੈਠਕ ਲਈ ਰਵਾਨਾ ਹੋ ਰਹੇ ਹਨ। ਜਦੋਂ ਕਾਰਨੀ ਤੋਂ ਬੀਜਿੰਗ ਨਾਲ ਵਧਦੀਆਂ ਨਜ਼ਦੀਕੀਆਂ ਅਤੇ ਰਾਸ਼ਟਰੀ ਸੁਰੱਖਿਆ ਖ਼ਤਰਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਸਾਡੀ ਇਸ ਭਾਈਵਾਲੀ ਦੇ ਸੁਰੱਖਿਆ ਜੋਖਮ ਅਮਰੀਕਾ ਤੋਂ ਸੁਰੱਖਿਆ ਖ਼ਤਰਿਆਂ ਨਾਲੋਂ ਬਹੁਤ-ਬਹੁਤ ਘੱਟ ਹਨ।” ਉਨ੍ਹਾਂ ਦਾ ਇਹ ਬਿਆਨ 2025 ਦੀਆਂ ਚੋਣਾਂ ਦੌਰਾਨ ਦਿੱਤੇ ਬਿਆਨ ਨਾਲੋਂ ਬਿਲਕੁਲ ਉਲਟ ਹੈ, ਜਿੱਥੇ ਉਨ੍ਹਾਂ ਨੇ ਚੀਨ ਨੂੰ ਕੈਨੇਡਾ ਲਈ ਸਭ ਤੋਂ ਵੱਡਾ ਜੀਓ-ਪੋਲੀਟਿਕਲ ਖ਼ਤਰਾ ਦੱਸਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਈਆਂ ਗਈਆਂ ਸਖ਼ਤ ਟੈਰਿਫ਼ ਦਰਾਂ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਰਗੀਆਂ ਬਿਆਨਬਾਜ਼ੀਆਂ ਕਾਰਨ ਓਟਾਵਾ ਨੇ ਆਪਣੀਆਂ ਆਰਥਿਕ ਨੀਤੀਆਂ ‘ਚ ਬਦਲਾਅ ਕੀਤਾ ਹੈ। ਕੈਨੇਡਾ ਹੁਣ ਅਮਰੀਕਾ ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਚੀਨ ਅਤੇ ਯੂਰਪੀਅਨ ਯੂਨੀਅਨ ਨਾਲ ਨਵੇਂ ਆਰਥਿਕ ਸਮਝੌਤੇ ਕਰ ਰਿਹਾ ਹੈ। ਇਸੇ ਤਹਿਤ ਸਾਲ 2026 ਦੀ ਪਹਿਲੀ ਛਿਮਾਹੀ ਵਿੱਚ ਕੈਨੇਡਾ ਤੋਂ ਚੀਨ ਨੂੰ ਕੱਚੇ ਤੇਲ ਦਾ ਨਿਰਯਾਤ ਲਗਭਗ ਦੁੱਗਣਾ ਹੋ ਕੇ 5.96 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਕੈਨੇਡਾ ਨੇ ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ ਇੰਪੋਰਟ ਡਿਊਟੀ ਘਟਾ ਕੇ 49,000 ਗੱਡੀਆਂ ਦੀ ਆਮਦ ਦੀ ਇਜਾਜ਼ਤ ਦਿੱਤੀ ਹੈ, ਜਦਕਿ ਚੀਨ ਨੇ ਕੈਨੇਡੀਅਨ ਕੈਨੋਲਾ ‘ਤੇ ਟੈਰਿਫ਼ 84 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਕਰ ਦਿੱਤਾ ਹੈ। ਕਾਰਨੀ ਦੇ ਇਸ ਬਿਆਨ ਦੀ ਕੈਨੇਡਾ ‘ਚ ਸਖ਼ਤ ਆਲੋਚਨਾ ਹੋ ਰਹੀ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਚੀਨ ਦੁਆਰਾ ਕੈਨੇਡੀਅਨ ਚੋਣਾਂ ‘ਚ ਦਖ਼ਲਅੰਦਾਜ਼ੀ, ਸਾਈਬਰ ਹਮਲਿਆਂ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੈ। ਹਾਲਾਂਕਿ, ਤਾਜ਼ਾ ਸਰਵੇ ਅਨੁਸਾਰ 55 ਫ਼ੀਸਦੀ ਕੈਨੇਡੀਅਨ ਨਾਗਰਿਕ ਟਰੰਪ ਦੇ ਟੈਰਿਫ਼ਾਂ ਕਾਰਨ ਅਮਰੀਕਾ ਨੂੰ ਹੀ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਮੰਨ ਰਹੇ ਹਨ। ਅਜਿਹੇ ‘ਚ ਕਾਰਨੀ ਵੱਲੋਂ ਦਿੱਤਾ ਗਿਆ ਤਾਜ਼ਾ ਬਿਆਨ ਨੇ ਕੈਨੇਡੀਅਨ ਨਾਗਰਿਕਾਂ ਨੂੰ 2 ਧੜਿਆਂ ‘ਚ ਵੰਡ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਦਾ ਕੈਨੇਡਾ-ਅਮਰੀਕਾ ਦੇ ਰਿਸ਼ਤਿਆਂ ‘ਤੇ ਕਿੰਨਾ ਕੁ ਅਸਰ ਪੈਂਦਾ ਹੈ।

