The country will never forget the ‘genocide’ of Sikhs that took place in 1984: Nitin Nabin
ਦੇਸ਼ 1984 ’ਚ ਹੋਈ ਸਿੱਖਾਂ ਦੀ ‘ਨਸਲਕੁਸ਼ੀ’ ਨੂੰ ਕਦੇ ਨਹੀਂ ਭੁੱਲੇਗਾ : ਨਿਤਿਨ ਨਬੀਨ
ਰੁਦਰਪੁਰ (ਆਵਾਜ਼ਿ ਕੌਮ ਬਿਊਰੋ)- ਭਾਜਪਾ ਦੇ ਪ੍ਰਧਾਨ ਨਿਤਿਨ ਨਬੀਨ ਨੇ ਵੀਰਵਾਰ ਨੂੰ ਕਿਹਾ ਕਿ 1984 ਵਿਚ ਹੋਈ ਸਿੱਖਾਂ ਦੀ ‘ਨਸਲਕੁਸ਼ੀ’ ਨੂੰ ਨਾ ਕਦੇ ਦੇਸ਼ ਭੁੱਲੇਗਾ ਅਤੇ ਨਾ ਹੀ ਭਾਜਪਾ ਦੰਗਾਕਾਰੀਆਂ ਨੂੰ ਮੁਆਫ਼ ਕਰੇਗੀ। ਉੱਤਰਾਖੰਡ ਦੇ ਸਿੱਖ ਅਤੇ ਪੰਜਾਬੀ ਬਹੁਗਿਣਤੀ ਵਾਲੇ ਊਧਮ ਸਿੰਘ ਨਗਰ ਦੇ ਜ਼ਿਲਾ ਹੈੱਡਕੁਆਰਟਰ ਰੁਦਰਪੁਰ ਵਿਖੇ ‘ਪੰਜਾਬੀ ਗੌਰਵ ਸੰਮੇਲਨਾਂ’ ਦੇ ਪ੍ਰੋਗਰਾਮ ’ਚ ਨਬੀਨ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਸਮੇਂ ਹੋਈ ਨਸਲਕੁਸ਼ੀ ਦੇ ਦਰਦ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਪਰ ‘ਅਸੀਂ ਉਸ ਦਰਦ ਦਾ ਭਾਵ ਤੁਹਾਡੇ ਸਾਰਿਆਂ ਦੇ ਚਿਹਰਿਆਂ ’ਤੇ ਦੇਖਿਆ ਹੈ।’ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਸ ਦੌਰ ਵਿਚ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਬੜੇ ਭਾਵਪੂਰਨ ਸ਼ਬਦਾਂ ’ਚ ਸਿੱਖਾਂ ਦੀ ‘ਨਸਲਕੁਸ਼ੀ’ ਬਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਨਬੀਨ ਨੇ ਕਿਹਾ ਕਿ ਨਿਰਦੋਸ਼ ਸਿੱਖ ਭਰਾਵਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋਣ ਤੋਂ ਬਾਅਦ ਤਿੰਨ ਦਹਾਕਿਆਂ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿਚ ਇਸ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ। ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਵੰਡ ਕਾਰਨ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਪਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਆਪਣੀਆਂ ਕੋਸ਼ਿਸ਼ਾਂ ਅਤੇ ਬਹਾਦਰੀ ਦੇ ਜ਼ੋਰ ’ਤੇ ਉਨ੍ਹਾਂ ਨੇ ਨਾ ਸਿਰਫ਼ ਆਪਣੇ ਆਪ ਨੂੰ ਮੁੜ ਸਥਾਪਿਤ ਕੀਤਾ ਸਗੋਂ ਦੇਸ਼ ਦੇ ਵਿਕਾਸ ਵਿਚ ਵੀ ਯੋਗਦਾਨ ਪਾਇਆ।

