The reality of an ‘honor killing’ case in Pakistan has come to light
ਪਾਕਿਸਤਾਨ ‘ਚ ‘ਆਨਰ ਕਿਲਿੰਗ’ ਮਾਮਲੇ ਦੀ ਅਸਲੀਅਤ ਆਈ ਸਾਹਮਣੇ
Lahore, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ਵਿੱਚ ‘ਅਣਖ ਦੇ ਨਾਂ ‘ਤੇ ਕਤਲ’ ਦੀਆਂ ਘਟਨਾਵਾਂ ਲਗਾਤਾਰ ਚਿੰਤਾ ਦਾ ਦਾਅਵਾ ਬਣੀਆਂ ਹੋਈਆਂ ਹਨ। ਮਿੰਗੋਰਾ ਤੋਂ 21 ਕਿਲੋਮੀਟਰ ਦੂਰ ਸ਼ਾਹ ਢੇਰਈ ਪਿੰਡ ਵਿੱਚ ਮਸਕਟ (ਓਮਾਨ) ਤੋਂ ਪਰਤੇ ਸਰਦਾਰ ਅਲੀ ਨਾਮਕ ਵਿਅਕਤੀ ਨੇ ਸਿਰਫ਼ ਫ਼ੋਨ ਕਾਲ ‘ਤੇ ਲਗਾਏ ਗਏ ਸ਼ੱਕ ਅਤੇ ਇਲਜ਼ਾਮਾਂ ਦੇ ਆਧਾਰ ‘ਤੇ ਆਪਣੀ 36 ਸਾਲਾ ਪਤਨੀ ਹੁਸਨ ਪਰੀ ਅਤੇ ਤਿੰਨ ਮਾਸੂਮ ਧੀਆਂ ਦਾ ਕਤਲ ਕਰ ਦਿੱਤਾ। ਦੋਸ਼ੀ ਨੇ 14 ਜੁਲਾਈ 2024 ਨੂੰ ਪੁਲਿਸ ਕੋਲ ਖੁਦ ਜ਼ੁਰਮ ਕਬੂਲਣ ਤੋਂ ਬਾਅਦ ਵਿਦੇਸ਼ ਫ਼ਰਾਰ ਹੋ ਗਿਆ, ਜੋ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਸਵਾਤ ਵਿੱਚ ਅਣਖ ਦੇ ਨਾਂ ‘ਤੇ ਹੁੰਦੀ ਹਿੰਸਾ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਦਿ ਅਵੇਕਨਿੰਗ’ਦੇ ਅੰਕੜਿਆਂ ਅਨੁਸਾਰ 2018 ਤੋਂ ਹੁਣ ਤੱਕ ਇਲਾਕੇ ਵਿੱਚ ਘੱਟੋ-ਘੱਟ 201 ਲੋਕ (180 ਔਰਤਾਂ ਅਤੇ 21 ਪੁਰਸ਼) ਇਸ ਕੁਰੀਤੀ ਦਾ ਸ਼ਿਕਾਰ ਹੋ ਚੁੱਕੇ ਹਨ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਦਫ਼ਤਰ ਸਵਾਤ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸਿਰਫ਼ 117 ਮਾਮਲੇ ਹੀ ਦਰਜ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਅਧਿਕਾਰੀ (DPO) ਮੁਹੰਮਦ ਉਮਰ ਖ਼ਾਨ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਜਾਂਚ ਲਈ ਕਈ ਮਾਮਲਿਆਂ ਵਿੱਚ ਲਾਸ਼ਾਂ ਨੂੰ ਕਬਰਾਂ ‘ਚੋਂ ਕੱਢ ਕੇ ਪੋਸਟਮਾਰਟਮ ਵੀ ਕਰਵਾਇਆ ਗਿਆ ਹੈ। ਕਾਨੂੰਨੀ ਮਾਹਰਾਂ ਅਤੇ ਸਮਾਜਿਕ ਕਰਮਚਾਰੀਆਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਪਰਿਵਾਰਕ ਦਬਾਅ, ਗਵਾਹਾਂ ਦੇ ਬਿਆਨ ਬਦਲਣ ਅਤੇ ਸਬੂਤਾਂ ਦੀ ਘਾਟ ਕਾਰਨ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਪਾਉਂਦੀ। ਸ਼ੁਰੂਆਤ ਵਿੱਚ ਮਾਮਲਾ ਪਾਕਿਸਤਾਨ ਪੀਨਲ ਕੋਡ (PPC) ਦੀ ਧਾਰਾ 302 (ਕਤਲ) ਤਹਿਤ ਦਰਜ ਹੁੰਦਾ ਹੈ, ਜਿਸ ਵਿੱਚ ਪੀੜਤ ਪਰਿਵਾਰ ਨੂੰ ਦੋਸ਼ੀ ਨੂੰ ਮਾਫ਼ ਕਰਨ ਦਾ ਅਧਿਕਾਰ ਹੁੰਦਾ ਹੈ। ਹਾਲਾਂਕਿ ਅਣਖ ਖ਼ਾਤਰ ਕਤਲ ਦੇ ਸਬੂਤ ਮਿਲਣ ‘ਤੇ ਧਾਰਾ 311 ਅਤੇ 312 ਜੋੜੀਆਂ ਜਾਂਦੀਆਂ ਹਨ, ਜੋ ਪਰਿਵਾਰ ਤੋਂ ਮਾਫ਼ੀ ਦਾ ਅਧਿਕਾਰ ਖੋਹ ਕੇ ਅਦਾਲਤ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੇਣ ਦੀ ਸ਼ਕਤੀ ਦਿੰਦੀਆਂ ਹਨ। ਮਨੋਵਿਗਿਆਨੀ ਡਾ. ਮੀਆਂ ਨਿਜ਼ਾਮ ਅਲੀ ਅਨੁਸਾਰ ਅਣਖ ਦੇ ਨਾਂ ‘ਤੇ ਕਤਲ ਕਰਨ ਵਾਲੇ ਕਈ ਵਿਅਕਤੀ ਬਿਨਾਂ ਕਿਸੇ ਜਾਂਚ-ਪੜਤਾਲ ਦੇ ਸਿਰਫ਼ ਇਲਜ਼ਾਮਾਂ ਦੇ ਆਧਾਰ ‘ਤੇ ਹੀ ਅਜਿਹੇ ਖ਼ੌਫ਼ਨਾਕ ਕਦਮ ਚੁੱਕ ਲੈਂਦੇ ਹਨ। ਦੂਜੇ ਪਾਸੇ ਸਵਾਤ ਦੇ ਧਾਰਮਿਕ ਵਿਦਵਾਨ ਮੌਲਾਨਾ ਮੁਹੰਮਦ ਹੁਜ਼ੈਫ਼ਾ ਨੇ ਇਨ੍ਹਾਂ ਕਤਲਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸਲਾਮ ਜਾਂ ਪਸ਼ਤੂਨ ਰਵਾਇਤਾਂ ਵਿੱਚ ਬੇਗੁਨਾਹਾਂ ਦੇ ਕਤਲ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕੁਰਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਬੇਗੁਨਾਹ ਦਾ ਕਤਲ ਪੂਰੀ ਇਨਸਾਨੀਅਤ ਦੇ ਕਤਲ ਦੇ ਬਰਾਬਰ ਹੈ।

