The scourge of road accidents in Bangladesh; nearly 8,000 children killed in 6 years
ਬੰਗਲਾਦੇਸ਼ ‘ਚ ਸੜਕ ਹਾਦਸਿਆਂ ਦਾ ਕਹਿਰ; 6 ਸਾਲਾਂ ‘ਚ 8,000 ਦੇ ਨਜ਼ਦੀਕ ਜਵਾਕਾਂ ਦੀ ਮੌਤ
Dhaka, (ਆਵਾਜ਼ਿ ਕੌਮ ਬਿਊਰੋ)-ਬੰਗਲਾਦੇਸ਼ ਵਿੱਚ ਸਾਲ 2020 ਤੋਂ ਲੈ ਕੇ ਇਸ ਸਾਲ ਦੇ ਸਤੰਬਰ ਮਹੀਨੇ ਤੱਕ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 7,963 ਬੱਚਿਆਂ ਦੀ ਜਾਨ ਚਲੀ ਗਈ ਹੈ। ‘ਰੋਡ ਸੇਫਟੀ ਫਾਊਂਡੇਸ਼ਨ’ (RSF) ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਇਨ੍ਹਾਂ ਵਿੱਚੋਂ 2,513 ਬੱਚਿਆਂ ਦੀ ਮੌਤ ਸਕੂਲ ਜਾਂ ਹੋਰ ਵਿਦਿਅਕ ਅਦਾਰਿਆਂ ਵਿੱਚ ਆਉਂਦੇ-ਜਾਂਦੇ ਸਮੇਂ ਹੋਈ ਹੈ। ਇਹ ਅੰਕੜੇ 9 ਰਾਸ਼ਟਰੀ ਰੋਜ਼ਾਨਾ ਅਖ਼ਬਾਰਾਂ, 17 ਰਾਸ਼ਟਰੀ ਤੇ ਖੇਤਰੀ ਆਨਲਾਈਨ ਪੋਰਟਲਾਂ, ਇਲੈਕਟ੍ਰਾਨਿਕ ਮੀਡੀਆ ਅਤੇ ਸੰਸਥਾ ਦੇ ਆਪਣੇ ਸਰੋਤਾਂ ਤੋਂ ਇਕੱਠੇ ਕੀਤੇ ਗਏ ਹਨ। ਰਿਪੋਰਟ ਅਨੁਸਾਰ, ਮਾਰੇ ਗਏ ਬੱਚਿਆਂ ਵਿੱਚੋਂ 2,958 (37.14 ਫੀਸਦੀ) ਮੋਟਰਸਾਈਕਲ ਚਾਲਕ ਜਾਂ ਸਵਾਰ ਸਨ, ਜਦੋਂ ਕਿ 2,812 (35.31 ਫੀਸਦੀ) ਪੈਦਲ ਚੱਲਣ ਵਾਲੇ ਬੱਚੇ ਸਨ। ਇਸ ਤੋਂ ਇਲਾਵਾ, 2,193 (27.53 ਫੀਸਦੀ) ਬੱਚੇ ਦੂਜੇ ਵਾਹਨਾਂ ਵਿੱਚ ਸਵਾਰ ਸਨ। ਆਪਣੇ ਘਰਾਂ ਦੇ ਨੇੜੇ ਸੜਕਾਂ ‘ਤੇ ਖੇਡਦਿਆਂ 962 ਬੱਚਿਆਂ ਦੀ ਜਾਨ ਗਈ ਹੈ। ਸਭ ਤੋਂ ਵੱਧ 2,713 ਮੌਤਾਂ ਦਿਹਾਤੀ (ਪੇਂਡੂ) ਸੜਕਾਂ ‘ਤੇ ਦਰਜ ਕੀਤੀਆਂ ਗਈਆਂ, ਜਦੋਂ ਕਿ ਖੇਤਰੀ ਸੜਕਾਂ ‘ਤੇ 2,082, ਹਾਈਵੇਅ ‘ਤੇ 1,974 ਅਤੇ ਸ਼ਹਿਰੀ ਸੜਕਾਂ ‘ਤੇ 1,194 ਬੱਚਿਆਂ ਦੀ ਮੌਤ ਹੋਈ। ਪੈਦਲ ਚੱਲਣ ਵਾਲੇ ਬੱਚਿਆਂ ਦੀਆਂ ਮੌਤਾਂ ਵਿੱਚੋਂ 1,271 ਬੱਚੇ ਥ੍ਰੀ-ਵੀਲਰਾਂ (ਸੀ.ਐੱਨ.ਜੀ. ਆਟੋ-ਰਿਕਸ਼ਾ ਅਤੇ ਸਥਾਨਕ ਵਾਹਨਾਂ) ਦੀ ਟੱਕਰ ਨਾਲ ਮਾਰੇ ਗਏ। 1,126 ਮੌਤਾਂ ਭਾਰੀ ਵਾਹਨਾਂ ਜਿਵੇਂ ਬੱਸਾਂ, ਟਰੱਕਾਂ ਅਤੇ ਕਵਰਡ ਵੈਨਾਂ ਕਾਰਨ ਹੋਈਆਂ। 317 ਮੌਤਾਂ ਪ੍ਰਾਈਵੇਟ ਕਾਰਾਂ ਤੇ ਮਾਈਕ੍ਰੋਬੱਸਾਂ ਕਾਰਨ ਅਤੇ 98 ਮੌਤਾਂ ਮੋਟਰਸਾਈਕਲਾਂ ਕਾਰਨ ਹੋਈਆਂ। ਉਮਰ ਦੇ ਹਿਸਾਬ ਨਾਲ 13 ਤੋਂ 17 ਸਾਲ ਦੇ 3,547 (44.54 ਫੀਸਦੀ) ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋਏ। 6 ਤੋਂ 12 ਸਾਲ ਦੇ 2,884 ਬੱਚੇ ਅਤੇ 5 ਸਾਲ ਜਾਂ ਇਸ ਤੋਂ ਛੋਟੀ ਉਮਰ ਦੇ 1,532 ਬੱਚੇ ਹਾਦਸਿਆਂ ਦਾ ਸ਼ਿਕਾਰ ਬਣੇ। ਦਿਨ ਦੇ ਵੇਲੇ ਵਿੱਚੋਂ ਦੁਪਹਿਰ ਤੋਂ ਬਾਅਦ ਦਾ ਸਮਾਂ ਸਭ ਤੋਂ ਘਾਤਕ ਰਿਹਾ, ਜਦੋਂ 2,634 (33.07 ਫੀਸਦੀ) ਮੌਤਾਂ ਹੋਈਆਂ, ਜਦੋਂ ਕਿ ਸਵੇਰੇ 2,168 ਅਤੇ ਦੁਪਹਿਰ ਵੇਲੇ 1,813 ਮੌਤਾਂ ਦਰਜ ਕੀਤੀਆਂ ਗਈਆਂ। ਰੋਡ ਸੇਫਟੀ ਫਾਊਂਡੇਸ਼ਨ’ ਨੇ ਇਨ੍ਹਾਂ ਮੌਤਾਂ ਦਾ ਮੁੱਖ ਕਾਰਨ ਅਸੁਰੱਖਿਅਤ ਸੜਕਾਂ, ਆਵਾਜਾਈ ਦੇ ਮਾੜੇ ਪ੍ਰਬੰਧ, ਟ੍ਰੈਫਿਕ ਨਿਯਮਾਂ ਦੀ ਘਾਟ, ਬੇਪਰਵਾਹ ਡਰਾਈਵਿੰਗ ਅਤੇ ਹਾਦਸਾ ਪੀੜਤਾਂ ਲਈ ਇਲਾਜ ਦੀਆਂ ਅਧੂਰੀਆਂ ਸਹੂਲਤਾਂ ਨੂੰ ਦੱਸਿਆ ਹੈ। ਪੇਂਡੂ ਸੜਕਾਂ ‘ਤੇ ਨਿਯਮਾਂ ਦੀ ਅਣਦੇਖੀ ਅਤੇ ਘਰਾਂ ਦੇ ਨੇੜੇ ਹੋਣ ਕਰਕੇ ਖ਼ਤਰਾ ਜ਼ਿਆਦਾ ਰਿਹਾ ਹੈ। ਸੰਗਠਨ ਨੇ ਸੜਕੀ ਢਾਂਚੇ ਵਿੱਚ ਸੁਧਾਰ, ਘਰਾਂ ਤੇ ਸਕੂਲਾਂ ਵਿੱਚ ਟ੍ਰੈਫਿਕ ਸਿੱਖਿਆ, ਅਣਸਿੱਖਿਅਤ ਤੇ ਨਾਬਾਲਗ ਡਰਾਈਵਰਾਂ ਵਿਰੁੱਧ ਕਾਰਵਾਈ, ਜ਼ਿਲ੍ਹਾ ਹਸਪਤਾਲਾਂ ਵਿੱਚ ਇਲਾਜ ਸਹੂਲਤਾਂ ਵਧਾਉਣ, ਹਾਦਸਾ ਪੀੜਤਾਂ ਦੇ ਇਲਾਜ ਲਈ ਵਿਸ਼ੇਸ਼ ਫੰਡ ਬਣਾਉਣ ਅਤੇ ‘ਰੋਡ ਟ੍ਰਾਂਸਪੋਰਟ ਐਕਟ, 2018’ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ।

