Truck collides with a freight train near DAV College; driver flees the scene, truck seized
DAV ਕਾਲਜ ਨੇੜੇ ਮਾਲਗੱਡੀ ਨਾਲ ਟਕਰਾਇਆ ਟਰੱਕ, ਡਰਾਈਵਰ ਮੌਕੇ ਤੋਂ ਫ਼ਰਾਰ, ਟਰੱਕ ਜ਼ਬਤ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਹਨ੍ਹੇਰਾ ਅਜੇ ਪੂਰੀ ਤਰ੍ਹਾਂ ਹਟਿਆ ਵੀ ਨਹੀਂ ਸੀ ਕਿ ਡੀ. ਏ. ਵੀ. ਕਾਲਜ ਰੇਲਵੇ ਫਾਟਕ ਨੇੜੇ ਇਕ ਟਰੱਕ ਮਾਲਗੱਡੀ ਨਾਲ ਜਾ ਟਕਰਾਇਆ। ਟੱਕਰ ਦੇ ਬਾਅਦ ਟਰੱਕ ਦਾ ਪਿਛਲਾ ਹਿੱਸਾ ਮਾਲਗੱਡੀ ਵਿਚ ਇਸ ਤਰ੍ਹਾਂ ਫਸ ਗਿਆ ਕਿ ਉਸ ਨੂੰ ਕੱਢਣ ਲਈ ਜੇ. ਸੀ. ਬੀ. ਬੁਲਾਉਣੀ ਪਈ। ਹਾਦਸੇ ਦੇ ਬਾਅਦ ਟਰੱਕ ਚਾਲਕ ਵਾਹਨ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ ਹਰਕਤ ਵਿਚ ਆਈ ਅਤੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਆਰ. ਪੀ. ਐੱਫ. ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ, ਜਦਕਿ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਲਗਭਗ 5.45 ਵਜੇ ਡੀ. ਏ. ਵੀ. ਕਾਲਜ ਰੇਲਵੇ ਫਾਟਕ ਨੇੜੇ ਹੋਇਆ। ਉਸ ਸਮੇਂ ਹਲਕਾ ਹਨੇਰਾ ਸੀ ਅਤੇ ਮਾਲਗੱਡੀ ਜਲੰਧਰ ਤੋਂ ਫਿਰੋਜ਼ਪੁਰ ਰੂਟ ’ਤੇ ਜਾ ਰਹੀ ਸੀ। ਇਸ ਦੌਰਾਨ ਟਰੱਕ ਮਾਲਗੱਡੀ ਨਾਲ ਟਕਰਾ ਗਿਆ। ਮੁੱਢਲੀ ਜਾਂਚ ਵਿਚ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਟਰੱਕ ਨੂੰ ਪਿੱਛੇ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਉਹ ਮਾਲਗੱਡੀ ਨਾਲ ਟਕਰਾ ਗਿਆ, ਹਾਲਾਂਕਿ ਹਾਦਸੇ ਦੇ ਅਸਲੀ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਦੇ ਬਾਅਦ ਹੀ ਚੱਲ ਸਕੇਗਾ। ਟੱਕਰ ਕਾਰਨ ਟਰੱਕ ਦਾ ਪਿਛਲਾ ਹਿੱਸਾ ਮਾਲਗੱਡੀ ਵਿਚ ਬੁਰੀ ਤਰ੍ਹਾਂ ਫਸ ਗਿਆ। ਇਸ ਨੂੰ ਹਟਾਉਣ ਲਈ ਜੇ. ਸੀ. ਬੀ. ਮਸ਼ੀਨ ਮੰਗਵਾਉਣੀ ਪਈ, ਜਿਸ ਦੀ ਮਦਦ ਨਾਲ ਟਰੱਕ ਨੂੰ ਵੱਖ ਕੀਤਾ ਗਿਆ। ਹਾਦਸੇ ਦੇ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਕਾਰਨ ਪੁਲਸ ਨੂੰ ਉਸ ਤੋਂ ਪੁੱਛਗਿੱਛ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਸਵੇਰੇ ਲਗਭਗ 6.45 ਵਜੇ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਇਨ੍ਹਾਂ ਵਿਚ ਆਰ. ਪੀ. ਐੱਫ. ਦੇ ਏ. ਐੱਸ. ਆਈ. ਨੀਰਜ ਕੁਮਾਰ ਸ਼ਰਮਾ, ਜੀ. ਆਰ. ਪੀ. ਥਾਣੇ ਤੋਂ ਏ. ਐੱਸ. ਆਈ. ਲਲਿਤ ਕੁਮਾਰ ਅਤੇ ਸੀ. ਟੀ. ਗੁਰਪ੍ਰੀਤ ਸਿੰਘ ਸਮੇਤ ਕਪੂਰਥਲਾ ਤੋਂ ਪਹੁੰਚੇ ਪੁਲਸ ਮੁਲਾਜ਼ਮ ਸ਼ਾਮਲ ਰਹੇ। ਟੀਮਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਹਾਦਸੇ ਨਾਲ ਸਬੰਧਤ ਜਾਣਕਾਰੀ ਜੁਟਾਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਥਾਨ ਆਰ. ਪੀ. ਐੱਫ਼. ਦੇ ਕਪੂਰਥਲਾ ਇਲਾਕੇ ਵਿਚ ਆਉਂਦਾ ਹੈ, ਜਿਸ ਕਾਰਨ ਕਪੂਰਥਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਆਰ. ਪੀ. ਐੱਫ਼. ਨੇ ਹਾਦਸਾਗ੍ਰਸਤ ਟਰੱਕ ਨੂੰ ਜ਼ਬਤ ਕਰ ਲਿਆ ਹੈ। ਟਰੱਕ ’ਤੇ ਲੁਧਿਆਣਾ ਦਾ ਰਜਿਸਟ੍ਰੇਸ਼ਨ ਨੰਬਰ ਹੋਣ ਕਾਰਨ ਪੁਲਸ ਉਸ ਦੇ ਆਧਾਰ ’ਤੇ ਵਾਹਨ ਦੇ ਮਾਲਕ ਦਾ ਪਤਾ ਲਾ ਰਹੀ ਹੈ ਤਾਂ ਕਿ ਚਾਲਕ ਦੀ ਪਛਾਣ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਪੁਲਸ ਅਧਿਕਾਰੀਆਂ ਮੁਤਾਬਕ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਤੌਰ ’ਤੇ ਟਰੱਕ ਨੂੰ ਪਿੱਛੇ ਕਰਦੇ ਸਮੇਂ ਮਾਲਗੱਡੀ ਨਾਲ ਟਕਰਾਉਣ ਦਾ ਖਦਸ਼ਾ ਸਾਹਮਣੇ ਆਇਆ ਹੈ। ਫ਼ਰਾਰ ਚਾਲਕ ਦੀ ਪਛਾਣ ਅਤੇ ਟਰੱਕ ਮਾਲਕ ਨਾਲ ਸਬੰਧਤ ਜਾਣਕਾਰੀ ਮਿਲਣ ਦੇ ਬਾਅਦ ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

