Trump’s ‘surgical strike’ on the media; CNN, MSNBC, and Politico banned from the White House
ਟਰੰਪ ਦੀ ਮੀਡੀਆ ‘ਤੇ ‘ਸਰਜੀਕਲ ਸਟ੍ਰਾਈਕ’, CNN, MS NOW ਅਤੇ Politico ਵ੍ਹਾਈਟ ਹਾਊਸ ਤੋਂ ਬੈਨ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਕਦਮ ਚੁੱਕਦਿਆਂ ਪ੍ਰਮੁੱਖ ਮੀਡੀਆ ਅਦਾਰਿਆਂ CNN, MS NOW (MSNBC) ਅਤੇ Politico ਨੂੰ ਵ੍ਹਾਈਟ ਹਾਊਸ ਤੋਂ ਬੈਨ ਕਰ ਦਿੱਤਾ ਹੈ। ਟਰੰਪ ਨੇ ਇਨ੍ਹਾਂ ਮੀਡੀਆ ਹਾਊਸਾਂ ‘ਤੇ ਝੂਠੀਆਂ ਤੇ ਭੁਲੇਖਾਪਾਊ ਖ਼ਬਰਾਂ (ਫੇਕ ਨਿਊਜ਼) ਫੈਲਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਸ ਫੈਸਲੇ ਸੰਬੰਧੀ ਗੱਲਬਾਤ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਸਾਡੇ ਦੇਸ਼ ਨੂੰ ਸੱਚੀਆਂ ਖ਼ਬਰਾਂ ਦੀ ਲੋੜ ਹੈ। ਸਾਨੂੰ ਇੱਕ ਨਿਰਪੱਖ ਅਤੇ ਇਮਾਨਦਾਰ ਪ੍ਰੈੱਸ ਦੀ ਲੋੜ ਹੈ। ਤੁਸੀਂ ਜਾਣਦੇ ਹੋ ਕਿ ਇਹਨਾਂ ਦੀ ਰਿਪੋਰਟਿੰਗ ਕਿੰਨੀ ਫਰਜ਼ੀ ਅਤੇ ਇੱਕਤਰਫ਼ਾ ਹੁੰਦੀ ਹੈ”। ਟਰੰਪ ਲੰਮੇ ਸਮੇਂ ਤੋਂ ਅਜਿਹੀ ਮੀਡੀਆ ਕਵਰੇਜ ਤੋਂ ਨਾਰਾਜ਼ ਚੱਲ ਰਹੇ ਹਨ ਜੋ ਉਹਨਾਂ ਦੇ ਖ਼ਿਲਾਫ਼ ਹੁੰਦੀ ਹੈ। ਡੋਨਾਲਡ ਟਰੰਪ ਦਾ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨਾਲ ਟਕਰਾਅ ਦਾ ਲੰਮਾ ਇਤਿਹਾਸ ਰਿਹਾ ਹੈ। ਜਨਵਰੀ 2025 ਵਿੱਚ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਨੇ ਆਪਣੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਮੀਡੀਆ ਅਦਾਰਿਆਂ ‘ਤੇ ਨਿਸ਼ਾਨਾ ਸਾਧਣਾ ਹੋਰ ਤੇਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ‘ਦਿ ਨਿਊਯਾਰਕ ਟਾਈਮਜ਼’ (The New York Times), ‘ਦਿ ਵਾਲ ਸਟਰੀਟ ਜਰਨਲ’ (The Wall Street Journal) ਅਤੇ ‘ਬੀ.ਬੀ.ਸੀ.’ (BBC) ਵਰਗੇ ਪ੍ਰਮੁੱਖ ਮੀਡੀਆ ਅਦਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਚੁੱਕੇ ਹਨ। ਟਰੰਪ ਦੇ ਇਸ ਕਦਮ ਤੋਂ ਬਾਅਦ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

