Trump’s team splits over war issue! Vance and Rubio’s statements spark discussion
ਜੰਗ ਦੇ ਮੁੱਦੇ ’ਤੇ ਖੇਰੂੰ-ਖੇਰੂੰ ਹੋਈ ‘ਟੀਮ ਟਰੰਪ’, ਪੈ ਗਿਆ ਵੱਡਾ ਕਲੇਸ਼

ਵਾਸ਼ਿੰਗਟਨ, 30 ਜੂਨ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨਾਲ ਹੋਏ ਜੰਗਬੰਦੀ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੀ ਆਪਣੀ ਹੀ ਟੀਮ ਦੇ ਅੰਦਰ ਮਤਭੇਦਾਂ ਦੀ ਚਰਚਾ ਤੇਜ਼ ਹੋ ਗਈ ਹੈ। ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਹਾਲੀਆ ਬਿਆਨਾਂ ਨੇ ਇਸ ਬਹਿਸ ਨੂੰ ਹੋਰ ਹਵਾ ਦੇ ਦਿੱਤੀ ਹੈ ਕਿ ਕੀ ਟਰੰਪ ਪ੍ਰਸ਼ਾਸਨ ਇਰਾਨ ਅਤੇ ਲਿਬਨਾਨ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਇਕਮਤ ਨਹੀਂ ਹੈ। ਹਾਲਾਂਕਿ ਵ੍ਹਾਈਟ ਹਾਊਸ ਨੇ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਪੂਰੀ ਪ੍ਰਸ਼ਾਸਨਿਕ ਟੀਮ ਰਾਸ਼ਟਰਪਤੀ ਟਰੰਪ ਦੀ ਨੀਤੀ ਨਾਲ ਖੜ੍ਹੀ ਹੈ ਪਰ ਦੋਵਾਂ ਨੇਤਾਵਾਂ ਦੀ ਵੱਖੋ-ਵੱਖਰੀ ਸ਼ੈਲੀ ਅਤੇ ਬਿਆਨ ਸਿਆਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਲਜਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਇਰਾਨ ਨਾਲ ਹੋਏ ਸਮਝੌਤੇ ਨੂੰ ਲੈ ਕੇ ਅਮਰੀਕਾ ’ਚ ਖਾਸ ਕਰ ਕੇ ਇਜ਼ਰਾਈਲ ਸਮਰਥਕ ਨੇਤਾਵਾਂ ਵੱਲੋਂ ਤਿੱਖੀ ਆਲੋਚਨਾ ਹੋ ਰਹੀ ਹੈ। ਅਜਿਹੇ ਮਾਹੌਲ ’ਚ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਲਗਾਤਾਰ ਮੀਡੀਆ ਵਿਚ ਸਾਹਮਣੇ ਆ ਕੇ ਇਸ ਸਮਝੌਤੇ ਦਾ ਬਚਾਅ ਕਰ ਰਹੇ ਹਨ। ਸਵਿਟਜ਼ਰਲੈਂਡ ’ਚ ਇਰਾਨ ਨਾਲ ਹੋਈ ਵਾਰਤਾ ਦੀ ਅਗਵਾਈ ਕਰਨ ਵਾਲੇ ਵੈਂਸ ਨੇ ਕਿਹਾ ਕਿ ਗੱਲਬਾਤ ਵਿਚ ਚੰਗੀ ਤਰੱਕੀ ਹੋਈ ਹੈ ਅਤੇ ਭਵਿੱਖ ਦੇ ਸਮਝੌਤੇ ਲਈ ਮਜ਼ਬੂਤ ਨੀਂਹ ਤਿਆਰ ਹੋ ਚੁੱਕੀ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਅਮਰੀਕਾ ਅਤੇ ਇਰਾਨ ਭਵਿੱਖ ਵਿਚ ਮਿਲ ਕੇ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰ ਸਕਦੇ ਹਨ। ਵੈਂਸ ਨੇ ਇਜ਼ਰਾਈਲ ਨੂੰ ਵੀ ਅਸਿੱਧੇ ਤੌਰ ’ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਿਰਫ਼ ਫ਼ੌਜੀ ਤਾਕਤ ਦੇ ਸਹਾਰੇ ਹਰ ਰਾਸ਼ਟਰੀ ਸੁਰੱਖਿਆ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਜਿੱਥੇ ਵੈਂਸ ਨੇ ਇਜ਼ਰਾਈਲ ਦੀ ਫ਼ੌਜੀ ਕਾਰਵਾਈ ’ਤੇ ਸਵਾਲ ਚੁੱਕੇ, ਉੱਥੇ ਹੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਨਤਕ ਤੌਰ ’ਤੇ ਇਜ਼ਰਾਈਲ ਦੀ ਆਲੋਚਨਾ ਤੋਂ ਦੂਰੀ ਬਣਾਈ ਰੱਖੀ। ਰੂਬੀਓ ਨੇ ਲਿਬਨਾਨ ’ਚ ਇਜ਼ਰਾਈਲ ਦੀ ਕਾਰਵਾਈ ਨੂੰ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਵਜੋਂ ਸਹੀ ਠਹਿਰਾਇਆ। ਉਨ੍ਹਾਂ ਇਜ਼ਰਾਈਲ ਦੀਆਂ ਸੁਰੱਖਿਆ ਲੋੜਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਵੈਂਸ ਨੇ ਗੱਲਬਾਤ ਦੌਰਾਨ ਇਹ ਵੀ ਸੰਕੇਤ ਦਿੱਤੇ ਕਿ ਖਾੜੀ ਦੇਸ਼ਾਂ ਨੂੰ ਭਵਿੱਖ ’ਚ ਇਰਾਨ ਦੇ ਪੁਨਰ-ਨਿਰਮਾਣ ਵਿਚ ਭੂਮਿਕਾ ਨਿਭਾਉਣੀ ਪੈ ਸਕਦੀ ਹੈ। ਉਨ੍ਹਾਂ ਦਾ ਰੁਖ਼ ਨਰਮ ਅਤੇ ਸਮਝੌਤਾ ਅਧਾਰਤ ਦਿਖਾਈ ਦਿੱਤਾ। ਇਸ ਦੇ ਉਲਟ, ਰੂਬੀਓ ਨੇ ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਬਹਿਰੀਨ ਦੀ ਯਾਤਰਾ ਦੌਰਾਨ ਸਪੱਸ਼ਟ ਕੀਤਾ ਕਿ ਅਮਰੀਕਾ ਹਰ ਕੀਮਤ ’ਤੇ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਰਾਨ ਨੂੰ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ’ਤੇ ਕਿਸੇ ਕਿਸਮ ਦਾ ਕੰਟਰੋਲ ਜਾਂ ਟੈਕਸ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੂਬੀਓ ਨੇ ਇਹ ਵੀ ਦੁਹਰਾਇਆ ਕਿ ਕਿਸੇ ਵੀ ਸਮਝੌਤੇ ਵਿਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਸਰਵਉੱਚ ਤਰਜੀਹ ਹੋਵੇਗੀ। ਵੈਂਸ ਅਤੇ ਰੂਬੀਓ ਦੇ ਬਿਆਨਾਂ ਤੋਂ ਬਾਅਦ ਮੀਡੀਆ ਵਿਚ ਟਰੰਪ ਪ੍ਰਸ਼ਾਸਨ ਦੇ ਅੰਦਰ ਵੰਡ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਹਾਲਾਂਕਿ ਵ੍ਹਾਈਟ ਹਾਊਸ ਨੇ ਇਨ੍ਹਾਂ ਅਟਕਲਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਵ੍ਹਾਈਟ ਹਾਊਸ ਦੀ ਬੁਲਾਰਨ ਐਨਾ ਕੇਲੀ ਨੇ ਕਿਹਾ ਕਿ ਪੂਰਾ ਪ੍ਰਸ਼ਾਸਨ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿਚ ਇਕਜੁੱਟ ਹੈ ਅਤੇ ਇਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਵਚਨਬੱਧ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗਾਟ ਨੇ ਵੀ ਮਤਭੇਦ ਦੀਆਂ ਖ਼ਬਰਾਂ ਨੂੰ ਫਰਜ਼ੀ ਨੈਰੇਟਿਵ ਕਰਾਰ ਦਿੱਤਾ। ਖ਼ੁਦ ਮਾਰਕੋ ਰੂਬੀਓ ਨੇ ਵੀ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਮੈਂਬਰ ਰਾਸ਼ਟਰਪਤੀ ਦੀ ਨੀਤੀ ਅਨੁਸਾਰ ਕੰਮ ਕਰ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਿਵਾਦ ਸਿਰਫ਼ ਨਿੱਜੀ ਬਿਆਨਾਂ ਤੱਕ ਸੀਮਤ ਨਹੀਂ ਹੈ, ਸਗੋਂ ਰਿਪਬਲੀਕਨ ਪਾਰਟੀ ਦੇ ਅੰਦਰ ਸਾਲਾਂ ਤੋਂ ਚੱਲ ਰਹੀ ਵਿਚਾਰਧਾਰਕ ਲੜਾਈ ਨੂੰ ਵੀ ਸਾਹਮਣੇ ਲਿਆਉਂਦਾ ਹੈ। ਜੇ.ਡੀ. ਵੈਂਸ ਲੰਬੇ ਸਮੇਂ ਤੋਂ ਵਿਦੇਸ਼ੀ ਜੰਗਾਂ ਅਤੇ ਫ਼ੌਜੀ ਦਖਲਅੰਦਾਜ਼ੀ ਦੇ ਆਲੋਚਕ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਲਗਾਤਾਰ ਬਾਹਰੀ ਸੰਘਰਸ਼ਾਂ ਵਿਚ ਉਲਝਣ ਤੋਂ ਬਚਣਾ ਚਾਹੀਦਾ ਹੈ। ਦੂਜੇ ਪਾਸੇ, ਮਾਰਕੋ ਰੂਬੀਓ ਨੂੰ ਰਿਪਬਲੀਕਨ ਪਾਰਟੀ ਦੇ ‘ਹਾਕਿਸ਼’ ਭਾਵ ਹਮਲਾਵਰ ਵਿਦੇਸ਼ ਨੀਤੀ ਦੇ ਸਮਰਥਕ ਨੇਤਾਵਾਂ ਵਿਚ ਗਿਣਿਆ ਜਾਂਦਾ ਹੈ। ਉਹ ਇਰਾਨ, ਰੂਸ ਅਤੇ ਹੋਰ ਵਿਰੋਧੀ ਦੇਸ਼ਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦੇ ਪੱਖ ’ਚ ਰਹੇ ਹਨ।

