Two teachers suspended in case involving the beating of a girl at school; police register FIR against the management
ਸਕੂਲ ‘ਚ ਕੁੜੀ ਦੀ ਕੁੱਟਮਾਰ ਦੇ ਮਾਮਲੇ ‘ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR
Chandigarh, (ਆਵਾਜ਼ਿ ਕੌਮ ਬਿਊਰੋ)-ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਸਰਕਾਰੀ ਸਕੂਲ ‘ਚ 6 ਸਾਲਾ ਮਾਸੂਮ ਬੱਚੀ ਨਾਲ ਤੀਜੀ ਜਮਾਤ ਦੇ ਵਿਦਿਆਰਥੀ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਦੋ ਜੂਨੀਅਰ ਬੇਸਿਕ ਟ੍ਰੇਨਿੰਗ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਅਧਿਆਪਕਾਂ ਦੀ ਪਛਾਣ ਸਿਮਰਨਜੀਤ ਕੌਰ ਅਤੇ ਪੂਜਾ ਰਾਣੀ ਵਜੋਂ ਹੋਈ ਹੈ। ਦੂਜੇ ਪਾਸੇ, ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (HSCPCR) ਨੇ ਇਸ ਮਾਮਲੇ ਦਾ ਸੂ-ਮੋਟੂ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਤੋਂ ਵਿਸਥਾਰਪੂਰਵਕ ਰਿਪੋਰਟ ਤਲਬ ਕੀਤੀ ਹੈ। ਪੀੜਤ ਪਰਿਵਾਰ ਅਨੁਸਾਰ, ਤੀਜੀ ਜਮਾਤ ਦੇ ਇੱਕ ਵਿਦਿਆਰਥੀ ਨੇ KG ‘ਚ ਪੜ੍ਹਦੀ 6 ਸਾਲਾ ਬੱਚੀ ਨੂੰ ਇਹ ਕਹਿ ਕੇ ਪਹਿਲੀ ਮੰਜ਼ਿਲ ‘ਤੇ ਬੁਲਾਇਆ ਕਿ ਉਸ ਦੇ ਪਿਤਾ ਆਏ ਹਨ। ਉੱਥੇ ਲਿਜਾ ਕੇ ਉਸ ਨੇ ਬੱਚੀ ‘ਤੇ ਪੱਥਰਾਂ ਅਤੇ ਗਮਲੇ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਕਾਫ਼ੀ ਦੂਰ ਤੱਕ ਘੜੀਸਿਆ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸਕੂਲ ਮੈਨੇਜਮੈਂਟ ਅਤੇ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਪ੍ਰਿੰਸੀਪਲ ਦੇ ਦਫ਼ਤਰ ਤੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੋਣ ਦੇ ਬਾਵਜੂਦ ਕਿਸੇ ਦਾ ਧਿਆਨ ਇਸ ਹਮਲੇ ਵੱਲ ਕਿਵੇਂ ਨਹੀਂ ਗਿਆ। ਇਹੀ ਨਹੀਂ, ਹਮਲੇ ਮਗਰੋਂ ਮੁਲਜ਼ਮ ਬੱਚਾ ਆਪ ਹੀ ਪਰਿਵਾਰ ਨੂੰ ਬੇਹੋਸ਼ ਪਈ ਬੱਚੀ ਕੋਲ ਲੈ ਕੇ ਗਿਆ ਸੀ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਦਿਤੀ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਦੀ ਅਣਗਹਿਲੀ ਲਈ FIR ਦਰਜ ਕਰ ਲਈ ਗਈ ਹੈ। ਪੁਲਸ ਨੇ ਜੁਵੇਨਾਈਲ ਜਸਟਿਸ ਐਕਟ ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ, ਜਦਕਿ ਪੀੜਤ ਬੱਚੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

