Undertrial prisoner murdered in Amritsar Central Jail; dispute arose over a slipper
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀ ਦਾ ਕਤਲ, ਚੱਪਲ ਨੂੰ ਲੈ ਕੇ ਹੋਇਆ ਵਿਵਾਦ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਬੈਰਕ ’ਚ 2 ਹਵਾਲਾਤੀਆਂ ਵਿਚਾਲੇ ਹੋਏ ਵਿਵਾਦ ਦੌਰਾਨ ਹਵਾਲਾਤੀ ਰਿਤਿਕ ਉਰਫ ਕਾਲਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਫਿਲਹਾਲ ਸਹਾਇਕ ਸੁਪਰਡੈਂਟ ਜੇਲ੍ਹ ਅਮਰਬੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਹਮਲਾ ਕਰਨ ਵਾਲੇ ਹਵਾਲਾਤੀ ਜਤਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਹਵਾਲਾਤੀਆਂ ਵਿਚਾਲੇ ਚੱਪਲ ਨੂੰ ਲੈ ਕੇ ਕੁਝ ਮਾਮੂਲੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਇਕ ਤਿੱਖੇ ਚਮਚ ਨਾਲ ਹਵਾਲਾਤੀ ਰਿਤਿਕ ’ਤੇ ਹਵਾਲਾਤੀ ਜਤਿੰਦਰ ਸਿੰਘ ਵੱਲੋਂ ਹਮਲਾ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਮਿਲਦੇ ਹੀ ਤੁਰੰਤ ਉਸ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਣਯੋਗ ਜੱਜ ਵੱਲੋਂ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਉੱਥੇ ਮੌਜੂਦ ਹੋਰ ਹਵਾਲਾਤੀਆਂ ਤੋਂ ਵੀ ਪੁੱਛਗਿੱਛ ਹੋਈ ਹੈ। ਮਰਨ ਵਾਲੇ ਹਵਾਲਾਤੀ ਰਿਤਿਕ ਉਰਫ ਕਾਲਾ ਦਾ ਵੀਡੀਓਗ੍ਰਾਫੀ ’ਚ ਪੋਸਟਮਾਰਟਮ ਕਰਵਾਇਆ ਜਾਵੇਗਾ, ਉੱਥੇ ਹੀ ਦੂਜੇ ਪਾਸੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਹਵਾਲਾਤੀ ਜਤਿੰਦਰ ਸਿੰਘ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

