UNICEF reveals: One in five girls in India is married before the age of 18
ਭਾਰਤ ’ਚ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ 5 ’ਚੋਂ ਇਕ ਕੁੜੀ ਦਾ ਵਿਆਹ, ਯੂਨੀਸੈਫ਼ ਦਾ ਵੱਡਾ ਖੁਲਾਸਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤ ’ਚ 2030 ਤੱਕ ਬਾਲ ਵਿਆਹ ਪ੍ਰਥਾ ਖਤਮ ਕਰਨ ਦਾ ਟੀਚਾ ਨੇੜੇ ਆ ਰਿਹਾ ਹੈ, ਇਸ ਦੇ ਬਾਵਜੂਦ ਦੁਨੀਆ ਦੀ ਹਰ 3 ’ਚੋਂ ਇਕ ‘ਬਾਲਿਕਾ ਵਧੂ’ ਭਾਰਤੀ ਹੈ ਅਤੇ ਦੇਸ਼ ’ਚ ਹਰ 5 ’ਚੋਂ ਇਕ ਲੜਕੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਯੂਨੀਸੈਫ਼ (UNICEF) ਦੀ ਭਾਰਤ ਪ੍ਰਤੀਨਿਧੀ ਸਿੰਥੀਆ ਮੈਕਕੈਫਰੀ ਨੇ ਕਿਹਾ, ‘‘ਇਸ ਸਾਲ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਦਾ ਥੀਮ-‘ਬਾਲ ਵਿਆਹ ਖਤਮ ਕਰੋ ਅਤੇ ਲੜਕੀਆਂ ਦੇ ਅਧਿਕਾਰਾਂ ’ਚ ਨਿਵੇਸ਼ ਕਰੋ’-ਅੱਲ੍ਹੜ ਉਮਰ ਦੌਰਾਨ ਲਗਾਤਾਰ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ, ਤਾਂ ਜੋ ਲੜਕੀਆਂ ਸਕੂਲ ਨਾ ਛੱਡਣ, ਸਿਹਤਮੰਦ ਅਤੇ ਸੁਰੱਖਿਅਤ ਰਹਿਣ, ਉਨ੍ਹਾਂ ’ਚ ਹੁਨਰ ਵਿਕਾਸ ਹੋਵੇ, ਉਹ ਮੌਕਿਆਂ ਦਾ ਲਾਭ ਉਠਾਉਣ ਅਤੇ ਖੁਦ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ’ਚ ਆਪਣਾ ਪੱਖ ਰੱਖ ਸਕਣ।’’ ਯੂਨੀਸੈਫ਼ ਦੇ ਅੰਕੜਿਆਂ ਮੁਤਾਬਕ, ਭਾਰਤ ’ਚ 20 ਤੋਂ 24 ਸਾਲ ਦੀ ਉਮਰ ਵਰਗ ’ਚ ਸ਼ਾਮਲ 22.4 ਕਰੋੜ ਤੋਂ ਜ਼ਿਆਦਾ ਮੁਟਿਆਰਾਂ ਦਾ ਵਿਆਹ ਉਨ੍ਹਾਂ ਦੇ ਬਾਲਗ ਹੋਣ ਤੋਂ ਪਹਿਲਾਂ ਹੋ ਗਿਆ ਸੀ। ਅੰਕੜਿਆਂ ਅਨੁਸਾਰ, ਇਨ੍ਹਾਂ ’ਚੋਂ 9 ਕਰੋੜ ਤੋਂ ਜ਼ਿਆਦਾ ਮੁਟਿਆਰਾਂ ਦਾ ਵਿਆਹ 15 ਸਾਲ ਤੋਂ ਘੱਟ ਉਮਰ ’ਚ ਹੀ ਕਰ ਦਿੱਤਾ ਗਿਆ ਸੀ। ਯੂਨੀਸੈਫ਼ ਦਾ ਅੰਦਾਜ਼ਾ ਹੈ ਕਿ ਦੁਨੀਆ ’ਚ ਹਰ 3 ਸਕਿੰਟ ’ਚ ਇਕ ਲੜਕੀ ਦਾ ਵਿਆਹ ਹੁੰਦਾ ਹੈ ਅਤੇ ਅਜਿਹੇ ਵਿਆਹਾਂ ਦੀ ਗਿਣਤੀ ਹਰ ਦਿਨ 1,500 ਤੱਕ ਪਹੁੰਚ ਸਕਦੀ ਹੈ। ਯੂਨੀਸੈਫ਼ ਅਤੇ ਸਰਕਾਰ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਹੋਣ ਵਾਲੇ ਕੁੱਲ ਬਾਲ ਵਿਆਹਾਂ ’ਚੋਂ ਅੱਧੇ ਤੋਂ ਵੱਧ 5 ਸੂਬਿਆਂ-ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼-’ਚ ਹੁੰਦੇ ਹਨ। ਅੰਕੜਿਆਂ ਅਨੁਸਾਰ, ਬਾਲ ਵਿਆਹ ’ਤੇ ਲਗਾਮ ਲਾਉਣ ਦੇ ਮਾਮਲੇ ’ਚ ਕੇਰਲਮ ਅਤੇ ਲਕਸ਼ਦੀਪ ਚੰਗੀ ਤਰੱਕੀ ਕਰ ਰਹੇ ਹਨ। ਭਾਰਤ ’ਚ ਬਾਲ ਵਿਆਹ ਦੀ ਦਰ 1996 ’ਚ 50 ਫੀਸਦੀ ਤੋਂ ਵੱਧ ਸੀ, ਜੋ ਹੁਣ ਘਟ ਕੇ ਲੱਗਭਗ 20 ਫੀਸਦੀ ਰਹਿ ਗਈ ਹੈ, ਫਿਰ ਵੀ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰੀ ਔਸਤ ਨੂੰ ਦੇਖ ਕੇ ਗੁੰਮਰਾਹ ਨਹੀਂ ਹੋਣਾ ਚਾਹੀਦਾ, ਕਿਉਂਕਿ ਕੁਝ ਸੂਬਿਆਂ ’ਚ ਇਹ ਸਮੱਸਿਆ ਕਿਤੇ ਵੱਧ ਗੰਭੀਰ ਹੈ।

