Union Minister Shivraj Singh Chouhan, who arrived in Punjab, remembered the contribution of 10 Gurus
ਪੰਜਾਬ ਪਹੁੰਚੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ 10 ਗੁਰੂ ਸਾਹਿਬਾਨ ਦੇ ਯੋਗਦਾਨ ਨੂੰ ਕੀਤਾ ਯਾਦ
ਬਾਬਾ ਬਕਾਲਾ ਸਾਹਿਬ (ਆਵਾਜ਼ਿ ਕੌਮ ਬਿਊਰੋ)-ਅੱਜ ਰੱਖੜ ਪੁੰਨਿਆ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਗਈ ਕਾਨਫ਼ਰੰਸ ਵਿਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਮਹਾਨ ਇਤਿਹਾਸ, ਲਾਸਾਨੀ ਕੁਰਬਾਨੀਆਂ ਅਤੇ ਮਨੁੱਖਤਾ ਲਈ ਦਿੱਤੇ ਉਪਦੇਸ਼ਾਂ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ। ਚੌਹਾਨ ਨੇ ਆਖਿਆ ਕਿ ਅੱਜ ਬਾਬਾ ਬਕਾਲਾ ਸਾਹਿਬ ਦੀ ਇਸ ਪਵਿੱਤਰ ਧਰਤੀ ‘ਤੇ ਆ ਕੇ ਉਨ੍ਹਾਂ ਦਾ ਜੀਵਨ ਧੰਨ ਹੋ ਗਿਆ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ‘ਹਿੰਦ ਦੀ ਚਾਦਰ’ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਥਾਨ ਦੇ ਦਰਸ਼ਨ ਕਰਨ ਉਪਰੰਤ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹ ਅਦਭੁਤ ਅਤੇ ਇਤਿਹਾਸਕ ਸਥਾਨ ਹੈ ਜਿੱਥੇ ਨੌਵੇਂ ਪਾਤਸ਼ਾਹ ਨੇ 26 ਸਾਲ, 9 ਮਹੀਨੇ ਅਤੇ 13 ਦਿਨ ਤਪੱਸਿਆ ਕੀਤੀ ਸੀ। ਉਨ੍ਹਾਂ ਨੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਹੀ ਪਵਿੱਤਰ ਧਰਤੀ ਹੈ ਜਿੱਥੇ ਮੱਖਣ ਸ਼ਾਹ ਲੁਬਾਣਾ ਨੇ ਸੱਚੇ ਗੁਰੂ ਦੀ ਪਛਾਣ ਕਰਕੇ “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਦਾ ਹੋਕਾ ਦਿੱਤਾ ਸੀ। ਆਪਣੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਦੇ ਗੁਰੂ ਸਾਹਿਬਾਨ ਦੇ ਮਹਾਨ ਯੋਗਦਾਨ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤਾ ‘ੴ’ ਦਾ ਉਪਦੇਸ਼ ਉਸ ਮਹਾਨ ਭਾਰਤੀ ਚੇਤਨਾ ਦੀ ਮੁੜ-ਸਥਾਪਨਾ ਸੀ ਜੋ ਦੱਸਦੀ ਹੈ ਕਿ ਸ੍ਰਿਸ਼ਟੀ ਅਨੇਕ ਹੋ ਸਕਦੀ ਹੈ, ਪਰ ਉਸ ਦਾ ਸਿਰਜਣਹਾਰ ਇਕ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗਿਆਨ ਨੂੰ ਜਨ-ਜਨ ਦੀ ਭਾਸ਼ਾ ਬਣਾ ਕੇ ਆਮ ਲੋਕਾਂ ਤੱਕ ਪਹੁੰਚਾਇਆ। ਸ੍ਰੀ ਗੁਰੂ ਰਾਮਦਾਸ ਜੀ ਨੇ ਭਗਤੀ ਨੂੰ ਸ਼ਹਿਰਾਂ ਅਤੇ ਪਵਿੱਤਰ ਸਰੋਵਰਾਂ ਦੀ ਪਵਿੱਤਰਤਾ ਬਖਸ਼ੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗੁਰਬਾਣੀ ਦਾ ਸੰਕਲਨ ਕਰਕੇ ਇਸ ਨੂੰ ਸਦੀਵੀ ਆਵਾਜ਼ ਦਿੱਤੀ ਅਤੇ ਸੱਚ ਦੀ ਰੱਖਿਆ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ’ਮੀਰੀ ਅਤੇ ਪੀਰੀ’ ਦਾ ਸੰਦੇਸ਼ ਦੇ ਕੇ ਸੰਸਾਰ ਨੂੰ ਸਿਖਾਇਆ ਕਿ ਸੰਤ ਦੀ ਸਾਧਨਾ ਵਿਚ ਸ਼ਕਤੀ ਵੀ ਹੋਣੀ ਚਾਹੀਦੀ ਹੈ ਅਤੇ ਸ਼ਕਤੀ ਦੇ ਅੰਦਰ ਸਾਧਨਾ ਵੀ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਹਰਿ ਰਾਏ ਜੀ ਨੇ ਸ਼ਕਤੀ ਦੇ ਨਾਲ ਦਇਆ ਨੂੰ ਜੋੜਨ ਦਾ ਮਹਾਨ ਕਾਰਜ ਕੀਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਲ ਉਮਰ ਵਿਚ ਹੀ ਨਿਰਸਵਾਰਥ ਸੇਵਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਕਿ ਉਮਰ ਭਾਵੇਂ ਛੋਟੀ ਸੀ, ਪਰ ਉਨ੍ਹਾਂ ਦੇ ਆਦਰਸ਼ ਬਹੁਤ ਉੱਚੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਆਗ ਨੂੰ ਤਪੱਸਿਆ ਅਤੇ ਤਪੱਸਿਆ ਨੂੰ ਤੇਜ ਬਣਾ ਕੇ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਆਪਣਾ ਸੀਸ ਅਰਪਣ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ।

