US: 3 dead, 4 injured in indiscriminate shooting at food festival, one suspect in custody
US: ਫੂਡ ਫੈਸਟੀਵਲ ‘ਚ ਅੰਨ੍ਹੇਵਾਹ ਗੋਲੀਬਾਰੀ ‘ਚ 3 ਦੀ ਮੌਤ ਤੇ 4 ਜ਼ਖ਼ਮੀ, ਇਕ ਸ਼ੱਕੀ ਹਿਰਾਸਤ ‘ਚ
ਸੀਏਟਲ (ਵਾਸ਼ਿੰਗਟਨ)(ਆਵਾਜ਼ਿ ਕੌਮ ਬਿਊਰੋ)- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸੀਏਟਲ ਸ਼ਹਿਰ ਵਿੱਚ ਸਥਿਤ ਸ਼ਹਿਰ ਦੀ ਪ੍ਰਸਿੱਧ ‘ਸਪੇਸ ਨੀਡਲ’ ਦੇ ਨੇੜੇ ਚੱਲ ਰਹੇ ਇੱਕ ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਸੋਮਵਾਰ ਸ਼ਾਮ ਕਰੀਬ 6 ਵਜੇ ਸੀਏਟਲ ਸੈਂਟਰ ਵਿਖੇ ਵਾਪਰੀ, ਜਿੱਥੇ ਸਾਲਾਨਾ ‘ਬਾਈਟ ਆਫ ਸੀਏਟਲ’ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਦੋ ਵਿਅਕਤੀਆਂ ਵਿਚਕਾਰ ਹੋਈ ਆਪਸੀ ਗੋਲੀਬਾਰੀ ਦਾ ਨਤੀਜਾ ਸੀ। ਪੁਲਸ ਨੇ ਮੌਕੇ ਤੋਂ ਦੋ ਬੰਦੂਕਾਂ ਬਰਾਮਦ ਕੀਤੀਆਂ ਹਨ। ਸੀਏਟਲ ਦੇ ਮੇਅਰ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਇੱਕ ਹੋਰ ਸ਼ੱਕੀ ਅਜੇ ਵੀ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਸੀਏਟਲ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਗੋਲੀਬਾਰੀ ਦੇ ਸਮੇਂ ਮੇਲੇ ਵਿੱਚ ਹਜ਼ਾਰਾਂ ਦੀ ਭੀੜ ਮੌਜੂਦ ਸੀ, ਜਿਸ ਕਾਰਨ ਗੋਲੀਆਂ ਚੱਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਚਸ਼ਮਦੀਦਾਂ ਅਨੁਸਾਰ ਘੱਟੋ-ਘੱਟ ਸੱਤ ਤੋਂ ਅੱਠ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। 25 ਸਾਲਾ ਚਸ਼ਮਦੀਦ ਐਸਟਨ ਵਾਕੋਨਾਬੋ ਨੇ ਦੱਸਿਆ ਕਿ ਜਿਵੇਂ ਹੀ ਗੋਲੀਆਂ ਚੱਲੀਆਂ, ਲੋਕ ਜਾਨ ਬਚਾਉਣ ਲਈ ਭੱਜਣ ਲੱਗੇ ਅਤੇ ਇੱਕ-ਦੂਜੇ ਨੂੰ ਕੁਚਲਣ ਲੱਗੇ। ਉਸਨੇ ਮੌਕੇ ਦੇ ਹਾਲਾਤ ਨੂੰ “ਪੂਰੀ ਤਰ੍ਹਾਂ ਹਫੜਾ-ਦਫੜੀ” ਵਾਲਾ ਦੱਸਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਲੋਕਾਂ ਨੂੰ ਚੀਕਦੇ ਹੋਏ ਭੱਜਦੇ ਦੇਖਿਆ ਜਾ ਸਕਦਾ ਹੈ। ਘਟਨਾ ਤੋਂ ਤੁਰੰਤ ਬਾਅਦ ਪੀੜਤਾਂ ਨੂੰ ‘ਹਾਰਬਰਵਿਊ ਮੈਡੀਕਲ ਸੈਂਟਰ’ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਵਾਕੋਨਾਬੋ ਅਨੁਸਾਰ ਉਸਨੇ ਮੌਕੇ ‘ਤੇ ਕਈ ਲੋਕਾਂ ਨੂੰ ਜ਼ਮੀਨ ‘ਤੇ ਪਏ ਦੇਖਿਆ, ਜਿਨ੍ਹਾਂ ਵਿੱਚੋਂ ਇੱਕ ਦੀ ਲਾਸ਼ ਪੀਲੀ ਚਾਦਰ ਨਾਲ ਢਕੀ ਹੋਈ ਸੀ। ਜ਼ਿਕਰਯੋਗ ਹੈ ਕਿ ‘ਬਾਈਟ ਆਫ ਸੀਏਟਲ’ ਇੱਕ ਬਹੁਤ ਹੀ ਮਕਬੂਲ ਸਾਲਾਨਾ ਤਿਉਹਾਰ ਹੈ ਜੋ 1982 ਤੋਂ ਮਨਾਇਆ ਜਾ ਰਿਹਾ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਉਤਸਵ ਵਿੱਚ ਲਗਭਗ 3,50,000 ਲੋਕ ਸ਼ਾਮਲ ਹੁੰਦੇ ਹਨ, ਜਿੱਥੇ ਸੈਂਕੜੇ ਸਥਾਨਕ ਵਿਕਰੇਤਾ ਅਤੇ ਲਾਈਵ ਸੰਗੀਤ ਪ੍ਰਦਰਸ਼ਨ ਹੁੰਦੇ ਹਨ। ਇਸ ਖੁਸ਼ੀ ਦੇ ਮਾਹੌਲ ਵਿੱਚ ਹੋਈ ਹਿੰਸਾ ਕਾਰਨ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।

