Vancouver police officer faces 9 charges, 19 victims claim
*ਵੈਨਕੂਵਰ ਪੁਲਿਸ ਦੇ ਅਫਸਰ ’ਤੇ 9 ਚਾਰਜ, 19 ਪੀੜਤਾਂ ਦਾ ਦਾਅਵਾ *30 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ; ਅਫਸਰ ਮੁਅੱਤਲ, ਬਿਨਾ ਤਨਖਾਹ ਸਸਪੈਂਸ਼ਨ ਦੀ ਸਿਫਾਰਸ਼
ਸਰੀ (ਆਵਾਜ਼ਿ ਕੌਮ ਬਿਊਰੋ)- ਵੈਨਕੂਵਰ ਪੁਲਿਸ ਦੇ 26 ਸਾਲ ਪੁਰਾਣੇ ਕਾਂਸਟੇਬਲ ਕਲਵਿੰਦਰ ਸਿੰਘ ਦੁਸਾਂਝ ਖ਼ਿਲਾਫ਼ ਜਾਇਦਾਦੀ ਕਾਰੋਬਾਰ ਨਾਲ ਜੁੜੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ 9 ਚਾਰਜ ਲੱਗਣ ਨਾਲ ਪੰਜਾਬੀ ਭਾਈਚਾਰੇ ਵਿੱਚ ਹਲਚਲ ਮਚ ਗਈ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਘੱਟੋ-ਘੱਟ 19 ਲੋਕ ਪੀੜਤ ਹਨ ਅਤੇ ਉਨ੍ਹਾਂ ਨੂੰ 30 ਲੱਖ ਡਾਲਰ ਤੋਂ ਵੱਧ ਦਾ ਕਥਿਤ ਵਿੱਤੀ ਨੁਕਸਾਨ ਹੋਇਆ ਹੈ।
ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਦੁਸਾਂਝ ਦੇ ਨਾਲ 51 ਸਾਲਾ ਸਰਬਜੀਤ ਸਿੰਘ ਗਿੱਲ ਦਾ ਨਾਮ ਵੀ ਸਾਹਮਣੇ ਆਇਆ ਹੈ। ਦੋਵਾਂ ’ਤੇ ਜਾਇਦਾਦੀ ਭਾਈਵਾਲੀਆਂ ਨਾਲ ਸਬੰਧਤ ਕਥਿਤ ਧੋਖਾਧੜੀ ਦੇ ਦੋਸ਼ ਹਨ। ਮਾਮਲੇ ਵਿੱਚ ਉਨ੍ਹਾਂ ਵੱਲੋਂ ਮਿਲ ਕੇ ਚਲਾਈ ਜਾ ਰਹੀ ਇੱਕ ਸੰਸਥਾ ਨਾਲ ਜੁੜਿਆ ਦੋਸ਼ ਅਤੇ ਅਹੁਦੇ ਦੀ ਵਰਤੋਂ ਕਰਦਿਆਂ ਭਰੋਸੇ ਦੀ ਉਲੰਘਣਾ ਨਾਲ ਸਬੰਧਤ ਦੋਸ਼ ਵੀ ਸ਼ਾਮਲ ਹਨ।
ਪੁਲਿਸ ਮੁਤਾਬਕ ਕਥਿਤ ਅਪਰਾਧਾਂ ਦਾ ਸਮਾਂ 2017 ਤੋਂ ਜੁਲਾਈ 2025 ਤੱਕ ਦਾ ਹੈ। ਦੱਸਿਆ ਗਿਆ ਹੈ ਕਿ ਮਾਮਲਾ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ 2023 ਵਿੱਚ ਵੈਨਕੂਵਰ ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਸ ਦੀ ਗੰਭੀਰ ਜਾਂਚ ਸ਼ੁਰੂ ਕੀਤੀ।
25 ਮਿਲੀਅਨ ਡਾਲਰ ਦੀ ਜਾਇਦਾਦੀ ਡੀਲਾਂ ’ਤੇ ਨਜ਼ਰ
ਜਾਂਚ ਨਾਲ ਜੁੜੀ ਜਾਣਕਾਰੀ ਅਨੁਸਾਰ ਮਾਮਲਾ ਲਗਭਗ 25 ਮਿਲੀਅਨ ਡਾਲਰ ਮੁੱਲ ਦੀਆਂ ਜਾਇਦਾਦਾਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਵਿੱਚ ਸਰੀ ਦੇ ਦੋ ਅਤੇ ਮਿਸ਼ਨ, ਬੀ.ਸੀ. ਦਾ ਇੱਕ ਪ੍ਰਾਜੈਕਟ ਸ਼ਾਮਲ ਹੋਣ ਦੀ ਜਾਣਕਾਰੀ ਹੈ।
ਪੁਲਿਸ ਮੁਖੀ ਸਟੀਵ ਰਾਏ ਨੇ ਕਿਹਾ ਕਿ 19 ਲੋਕਾਂ ਨੇ ਸਾਹਮਣੇ ਆ ਕੇ ਜਾਂਚ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਕਥਿਤ ਦਬਾਅ ਦੇ ਬਾਵਜੂਦ ਆਪਣੀ ਆਵਾਜ਼ ਉਠਾਉਣ ਲਈ ਹਿੰਮਤ ਦਿਖਾਉਣੀ ਪਈ। ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।
ਇਸੇ ਕਰਕੇ ਪੁਲਿਸ ਨੇ ਸੰਭਾਵੀ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇਸ ਲਈ ਵਿਸ਼ੇਸ਼ ਫੋਨ ਲਾਈਨ 604-717-2601 ਵੀ ਜਾਰੀ ਕੀਤੀ ਗਈ ਹੈ।
ਪੁਲਿਸ ਅਫਸਰ ਸੀ, ਹੁਣ ਵਿਭਾਗੀ ਕਾਰਵਾਈ ਦੇ ਘੇਰੇ ’ਚ
ਦੁਸਾਂਝ ਨੂੰ ਵੈਨਕੂਵਰ ਪੁਲਿਸ ਨੇ ਮੁਅੱਤਲ ਕਰ ਦਿੱਤਾ ਹੈ। ਪੁਲਿਸ ਮੁਖੀ ਨੇ ਉਸ ਨੂੰ ਬਿਨਾ ਤਨਖਾਹ ਮੁਅੱਤਲ ਕਰਨ ਦੀ ਸਿਫਾਰਸ਼ ਪੁਲਿਸ ਬੋਰਡ ਕੋਲ ਭੇਜਣ ਦੀ ਗੱਲ ਆਖੀ ਹੈ।
ਦੁਸਾਂਝ ਟਰੈਫਿਕ ਵਿਭਾਗ ਵਿੱਚ ਮੋਟਰਸਾਈਕਲ ਅਫਸਰ ਵਜੋਂ ਡਿਊਟੀ ਕਰਦਾ ਰਿਹਾ ਹੈ। ਪੁਲਿਸ ਵੱਲੋਂ ਉਸ ਦਾ ਸਰਕਾਰੀ ਹਥਿਆਰ ਵੀ ਵਾਪਸ ਲੈ ਲਿਆ ਗਿਆ ਹੈ।
ਗ੍ਰਿਫਤਾਰੀ ਤੋਂ ਬਾਅਦ ਦੁਸਾਂਝ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਸੁਣਵਾਈ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
“ਮੇਰਾ ਮੁਵੱਕਿਲ ਨਿਰਦੋਸ਼”—ਵਕੀਲ
ਮਾਮਲੇ ਵਿੱਚ ਦੁਸਾਂਝ ਦਾ ਪੱਖ ਵੀ ਸਪੱਸ਼ਟ ਹੈ। ਉਸ ਦੇ ਵਕੀਲ ਨੇ ਕਿਹਾ ਹੈ ਕਿ ਉਸ ਦਾ ਮੁਵੱਕਿਲ ਨਿਰਦੋਸ਼ ਹੈ ਅਤੇ ਉਸ ’ਤੇ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ। ਵਕੀਲ ਨੇ ਕਿਹਾ ਕਿ ਕਾਨੂੰਨ ਮੁਤਾਬਕ ਅਦਾਲਤ ਵੱਲੋਂ ਦੋਸ਼ ਸਾਬਤ ਹੋਣ ਤੱਕ ਦੁਸਾਂਝ ਨੂੰ ਨਿਰਦੋਸ਼ ਮੰਨਿਆ ਜਾਣਾ ਚਾਹੀਦਾ ਹੈ।
ਦੁਸਾਂਝ ਦੀ ਪਤਨੀ ਸੈਂਡੀ ਦੁਸਾਂਝ ਨੇ ਵੀ ਆਪਣੇ ਪਤੀ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਨੇ ਪੁਲਿਸ ਵੱਲੋਂ ਵੈਸਟ ਨਿਊਟਨ ਸਥਿਤ ਉਨ੍ਹਾਂ ਦੇ ਘਰ ਦੀ ਤਲਾਸ਼ੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਨੂੰ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਸੀ।
ਸੈਂਡੀ ਦੁਸਾਂਝ ਨੇ ਦਾਅਵਾ ਕੀਤਾ ਕਿ ਪੁਲਿਸ ਦੀ ਕਾਰਵਾਈ ਉਨ੍ਹਾਂ ਵੱਲੋਂ ਸਰੀ ਸਿਟੀ ਕੌਂਸਲ ਦੀ ਚੋਣ ਲੜਨ ਦੇ ਐਲਾਨ ਤੋਂ ਬਾਅਦ ਸਾਹਮਣੇ ਆਈ ਅਤੇ ਇਹ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਉਹ “ਪਰਦੇ ਪਿੱਛੇ ਕੀ ਹੁੰਦਾ ਹੈ” ਬਾਰੇ ਗੱਲ ਕਰਨ।
ਇਨ੍ਹਾਂ ਦਾਅਵਿਆਂ ਦੇ ਹੱਕ ਵਿੱਚ, ਹਾਲਾਂਕਿ, ਕੋਈ ਸਬੂਤ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਇਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ 2023 ਤੋਂ ਜਾਰੀ ਹੈ।
ਚੋਣ ਮੈਦਾਨ ਤੋਂ ਵੀ ਹਟੀ ਸੈਂਡੀ ਦੁਸਾਂਝ
ਇਸ ਮਾਮਲੇ ਦਾ ਸਿਆਸੀ ਅਸਰ ਵੀ ਤੁਰੰਤ ਨਜ਼ਰ ਆਇਆ ਹੈ। ਸੈਂਡੀ ਦੁਸਾਂਝ ਨੇ ਕੁਝ ਹਫ਼ਤੇ ਪਹਿਲਾਂ ਸਰੀ ਸਿਟੀ ਕੌਂਸਲ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ। ਪਰ ਹੁਣ ਸਰੀ ਕੰਜ਼ਰਵੇਟਿਵ ਪਾਰਟੀ ਵੱਲੋਂ ਜਾਰੀ ਕੀਤੀ ਈਮੇਲ ਵਿੱਚ ਕਿਹਾ ਗਿਆ ਹੈ ਕਿ ਸੈਂਡੀ ਦੁਸਾਂਝ ਹੁਣ ਪਾਰਟੀ ਦੀ ਉਮੀਦਵਾਰ ਨਹੀਂ ਰਹੀ।
ਬੱਚਿਆਂ ਦੀ ਸੰਸਥਾ ਨੂੰ ਲੈ ਕੇ ਨਵਾਂ ਸਵਾਲ
ਮਾਮਲੇ ਦਾ ਇੱਕ ਹੋਰ ਸੰਵੇਦਨਸ਼ੀਲ ਪੱਖ ਉਸ ਸੰਸਥਾ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਸ ਨੂੰ ਦੁਸਾਂਝ ਅਤੇ ਗਿੱਲ ਮਿਲ ਕੇ ਚਲਾਉਂਦੇ ਸਨ। ਇਹ ਸੰਸਥਾ ਬੱਚਿਆਂ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਇਸ ਪੱਖ ਨੂੰ ਲੈ ਕੇ ਭਾਈਚਾਰੇ ਵਿੱਚ ਕਈ ਸਵਾਲ ਉੱਠ ਰਹੇ ਹਨ—ਸੰਸਥਾ ਦਾ ਭਵਿੱਖ ਕੀ ਹੋਵੇਗਾ, ਇਸ ਨਾਲ ਜੁੜੇ ਬੱਚਿਆਂ ’ਤੇ ਕੀ ਅਸਰ ਪਵੇਗਾ ਅਤੇ ਕੀ ਜਾਂਚ ਦੌਰਾਨ ਇਸ ਸਬੰਧੀ ਹੋਰ ਤੱਥ ਸਾਹਮਣੇ ਆਉਣਗੇ?
“ਗਲਤ ਕਰਨ ਵਾਲਾ ਆਪਣਾ ਹੋਵੇ ਜਾਂ ਪਰਾਇਆ, ਕਾਰਵਾਈ ਹੋਵੇਗੀ”
ਵੈਨਕੂਵਰ ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਕਿ ਕਿਸੇ ਇੱਕ ਅਧਿਕਾਰੀ ’ਤੇ ਲੱਗੇ ਦੋਸ਼ਾਂ ਨੂੰ ਪੂਰੀ ਪੁਲਿਸ ਫੋਰਸ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੁਲਿਸ ਦੇ ਹਜ਼ਾਰਾਂ ਅਧਿਕਾਰੀ ਲੋਕਾਂ ਦੀ ਸੇਵਾ ਲਈ ਕੰਮ ਕਰਦੇ ਹਨ ਅਤੇ ਜੇਕਰ ਵਿਭਾਗ ਦੇ ਅੰਦਰ ਕੋਈ ਵਿਅਕਤੀ ਗਲਤ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਹੁਣ ਇਸ ਮਾਮਲੇ ਦੀ ਅਗਲੀ ਕੜੀ ਅਦਾਲਤੀ ਕਾਰਵਾਈ ਹੋਵੇਗੀ। ਪੁਲਿਸ ਵੱਲੋਂ ਹੋਰ ਪੀੜਤਾਂ ਦੀ ਭਾਲ ਜਾਰੀ ਹੈ ਅਤੇ ਜੇਕਰ ਨਵੇਂ ਲੋਕ ਸਾਹਮਣੇ ਆਉਂਦੇ ਹਨ ਤਾਂ ਦੁਸਾਂਝ ਅਤੇ ਗਿੱਲ ਖ਼ਿਲਾਫ਼ ਹੋਰ ਚਾਰਜ ਵੀ ਲੱਗ ਸਕਦੇ ਹਨ।
ਮਹੱਤਵਪੂਰਨ: ਦੁਸਾਂਝ ਅਤੇ ਗਿੱਲ ਖ਼ਿਲਾਫ਼ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ ਅਤੇ ਦੋਵਾਂ ਨੂੰ ਕਾਨੂੰਨ ਅਨੁਸਾਰ ਦੋਸ਼ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ।

