Venezuela shaken by 942 earthquake tremors so far! Death toll rises to 2,954
ਹੁਣ ਤੱਕ ਭੂਚਾਲ ਦੇ 942 ਝਟਕਿਆਂ ਨਾਲ ਕੰਬਿਆ ਵੈਨੇਜ਼ੁਏਲਾ ! ਮੌਤਾਂ ਦੀ ਗਿਣਤੀ 2,954 ਹੋਈ
ਕਾਰਾਕਸ (ਆਵਾਜ਼ਿ ਕੌਮ ਬਿਊਰੋ)-ਵੇਨੇਜ਼ੁਏਲਾ ਵਿੱਚ ਬੀਤੇ ਮਹੀਨੇ ਆਏ ਦੋ ਭਿਆਨਕ ਭੂਚਾਲਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੋਰਜ ਰੌਡਰਿਗਜ਼ ਨੇ ਦੱਸਿਆ ਕਿ ਵੈਨੇਜ਼ੁਏਲਾ ਵਿੱਚ ਆਏ ਦੋ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 2,954 ਹੋ ਗਈ ਹੈ ਅਤੇ 16,592 ਹੋਰ ਜ਼ਖਮੀ ਹੋਏ ਹਨ। ਆਪਣੇ ਟੈਲੀਗ੍ਰਾਮ ਚੈਨਲ ‘ਤੇ ਇੱਕ ਸੰਦੇਸ਼ ਵਿੱਚ ਰੌਡਰਿਗਜ਼ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰੀ ਰਾਜਾਂ ਅਰਾਗੁਆ, ਮਿਰਾਂਡਾ ਅਤੇ ਲਾ ਗੁਆਇਰਾ ਦੇ ਨਾਲ-ਨਾਲ ਪੱਛਮੀ ਰਾਜਾਂ ਕਾਰਾਬੋਬੋ, ਯਾਰਾਕੁਏ ਅਤੇ ਫਾਲਕਨ ਵਿੱਚ ਆਈ ਆਫ਼ਤ ਤੋਂ ਬਾਅਦ 6,462 ਲੋਕਾਂ ਨੂੰ ਬਚਾਇਆ ਗਿਆ ਹੈ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਅਪਡੇਟ ਵਿੱਚ ਕਿਹਾ ਗਿਆ ਹੈ ਕਿ 16,209 ਲੋਕ ਬਿਨਾਂ ਰਿਹਾਇਸ਼ ਦੇ ਹਨ, ਜਦੋਂ ਕਿ 856 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ 190 ਢਾਂਚੇ ਢਹਿ ਗਏ ਹਨ। ਅਧਿਕਾਰੀਆਂ ਨੇ ਵਿਸਥਾਪਿਤ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 80 ਅਸਥਾਈ ਕੈਂਪ ਵੀ ਸਥਾਪਤ ਕੀਤੇ ਹਨ। ਅਪਡੇਟ ਅਨੁਸਾਰ, 29,567 ਬਚਾਅ ਕਰਮਚਾਰੀ ਬਚੇ ਲੋਕਾਂ ਦੀ ਭਾਲ ਲਈ ਤਾਇਨਾਤ ਹਨ, ਜਿਨ੍ਹਾਂ ਵਿੱਚ ਵਿਦੇਸ਼ਾਂ ਤੋਂ 3,281 ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ 24 ਜੂਨ ਨੂੰ ਆਏ 7.2 ਅਤੇ 7.5 ਤੀਬਰਤਾ ਵਾਲੇ ਭੂਚਾਲਾਂ ਤੋਂ ਬਾਅਦ ਵੈਨੇਜ਼ੁਏਲਾ ਵਿੱਚ 942 ਝਟਕੇ ਦਰਜ ਕੀਤੇ ਗਏ ਹਨ। ਬਾਰ-ਬਾਰ ਲੱਗ ਰਹੇ ਝਟਕਿਆਂ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਧਿਕਾਰੀ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

