Violent crimes on the rise in Bangladesh! Law and order situation worrisome
ਬੰਗਲਾਦੇਸ਼ ‘ਚ ਹਿੰਸਕ ਅਪਰਾਧਾਂ ਦਾ ਕਹਿਰ! ਕਾਨੂੰਨ ਵਿਵਸਥਾ ਦੀ ਚਿੰਤਾਜਨਕ ਸਥਿਤੀ
Dhaka, (ਆਵਾਜ਼ਿ ਕੌਮ ਬਿਊਰੋ)-ਬੰਗਲਾਦੇਸ਼ ‘ਚ ਹਿੰਸਕ ਅਪਰਾਧਾਂ ਦੇ ਵਧ ਰਹੇ ਮਾਮਲਿਆਂ ਨੇ ਪੂਰੇ ਦੇਸ਼ ‘ਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਹਾਲ ਹੀ ‘ਚ ਪ੍ਰਕਾਸ਼ਿਤ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਦਿਨ-ਦਿਹਾੜੇ ਕਤਲ ਦੀਆਂ ਵਾਰਦਾਤਾਂ ਹੁਣ ਹੌਲੀ-ਹੌਲੀ ਆਮ ਬਣਦੀਆਂ ਜਾ ਰਹੀਆਂ ਹਨ ਤੇ ਆਮ ਨਾਗਰਿਕ ਆਪਣੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਡਰ ਦੇ ਸਾਏ ਵਿੱਚ ਜੀ ਰਹੇ ਹਨ। ਪੁਲਸ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਦੁਪਹਿਰ ਦਰਮਿਆਨ ਦੇਸ਼ ਦੇ ਚਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚਾਰ ਕਤਲਾਂ ਤੇ ਚਾਰ ਲਾਸ਼ਾਂ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਪੀੜਤਾਂ ‘ਚ ਇੱਕ 40 ਸਾਲਾ ਪੋਲਟਰੀ (ਮੁਰਗੀ ਪਾਲਣ) ਵਪਾਰੀ ਸ਼ਾਮਲ ਹੈ, ਜਿਸ ਨੂੰ ਅਣਪਛਾਤੇ ਅਪਰਾਧੀਆਂ ਨੇ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇੱਕ ਹੋਰ ਮਾਮਲੇ ‘ਚ ਇੱਕ 70 ਸਾਲਾ ਕੇਲੇ ਦੇ ਵਪਾਰੀ ਨੂੰ ਉਸ ਦੇ ਆਪਣੇ ਜਵਾਈ ਵੱਲੋਂ ਬੇਰਹਿਮੀ ਨਾਲ ਵੱਢ ਦਿੱਤਾ ਗਿਆ। ਜ਼ਮੀਨੀ ਵਿਵਾਦ ਕਾਰਨ ਇੱਕ 25 ਸਾਲਾ ਨੌਜਵਾਨ ਦਾ ਉਸ ਦੇ ਚਚੇਰੇ ਭਰਾ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਇੱਕ 55 ਸਾਲਾ ਆਟੋ-ਰਿਕਸ਼ਾ ਚਾਲਕ ਦਾ ਕਥਿਤ ਤੌਰ ‘ਤੇ ਗਲਾ ਵੱਢ ਕੇ ਉਸ ਦਾ ਵਾਹਨ ਲੁੱਟ ਲਿਆ ਗਿਆ। ਇਨ੍ਹਾਂ ਘਟਨਾਵਾਂ ਦੇ ਨਾਲ-ਨਾਲ ਜਾਤੀ ਸੰਸਦ ਭਵਨ ਦੇ ਨੇੜੇ ਲੁਟੇਰਿਆਂ ਵੱਲੋਂ ਹੈਂਡਬੈਗ ਖੋਹੇ ਜਾਣ ਕਾਰਨ ਰਿਕਸ਼ੇ ਤੋਂ ਡਿੱਗ ਕੇ ਇੱਕ 56 ਸਾਲਾ ਸਕੂਲ ਪ੍ਰਿੰਸੀਪਲ ਦੀ ਵੀ ਮੌਤ ਹੋ ਗਈ। ਇਸ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਰੰਗਪੁਰ ‘ਚ ਇੱਕ ਜੋੜੇ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਭਿਆਨਕ ਕਤਲ ਦੀ ਖ਼ਬਰ ਨੇ ਵੀ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਬੰਗਲਾਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਨਾਜ਼ੁਕ ਬਣੀ ਹੋਈ ਹੈ। ਇਸ ਸਾਲ ਫਰਵਰੀ ਵਿੱਚ ਹੋਈਆਂ ਰਾਸ਼ਟਰੀ ਚੋਣਾਂ ਰਾਹੀਂ ਜਦੋਂ ਬੀ.ਐਨ.ਪੀ. ਸਰਕਾਰ ਸੱਤਾ ‘ਚ ਆਈ, ਤਾਂ ਲੋਕਾਂ ਨੂੰ ਉਮੀਦ ਸੀ ਕਿ ਸਥਿਤੀ ਸੁਧਰੇਗੀ ਪਰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ। ਪੁਲਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ ਤੋਂ ਮਈ ਦਰਮਿਆਨ ਦੇਸ਼ ‘ਚ ਕਤਲ ਦੇ ਘੱਟੋ-ਘੱਟ 915 ਮਾਮਲੇ ਦਰਜ ਕੀਤੇ ਗਏ ਹਨ। ਨਵੀਂ ਸਰਕਾਰ ਦੇ ਪਹਿਲੇ ਛੇ ਮਹੀਨਿਆਂ ‘ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪਰਾਧਿਕ ਮਾਮਲਿਆਂ ਵਿੱਚ 2.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਹਾਲ ਹੀ ਵਿੱਚ ਚਿੰਤਾ ਜ਼ਾਹਰ ਕੀਤੀ ਹੈ ਕਿ ਚੱਲ ਰਿਹਾ ਊਰਜਾ ਸੰਕਟ ਤੇ ਬਿਜਲੀ ਤੇ ਉਦਯੋਗਿਕ ਉਤਪਾਦਨ ‘ਤੇ ਇਸਦਾ ਪ੍ਰਭਾਵ ਸੁਰੱਖਿਆ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ। ਪੁਲਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਵਿਭਾਗ ਵਿੱਚ ਚੱਲ ਰਹੇ ਤਬਾਦਲਿਆਂ ਤੇ ਸੇਵਾਮੁਕਤੀ ਕਾਰਨ ਪੁਲਸ ਕਰਮਚਾਰੀਆਂ ‘ਚ ਫੈਲਿਆ ਡਰ ਅਤੇ ਅਨਿਸ਼ਚਿਤਤਾ ਉਨ੍ਹਾਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਤੋਂ ਰੋਕ ਰਹੀ ਹੈ। ਮਾਹਰਾਂ ਅਨੁਸਾਰ ਜਦੋਂ ਤੱਕ ਪੁਲਿਸ ਪ੍ਰਸ਼ਾਸਨ ‘ਚ ਮਹੱਤਵਪੂਰਨ ਜਵਾਬਦੇਹ ਸੁਧਾਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਅਪਰਾਧਾਂ ‘ਤੇ ਕਾਬੂ ਪਾਉਣਾ ਮੁਸ਼ਕਲ ਹੋਵੇਗਾ।

