Vladimir Putin will come to India! Jaishankar invites him to join BRICS
ਭਾਰਤ ਆਉਣਗੇ ਵਲਾਦੀਮੀਰ ਪੁਤਿਨ ! ਜੈਸ਼ੰਕਰ ਨੇ ਬ੍ਰਿਕਸ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
Masco, (ਆਵਾਜ਼ਿ ਕੌਮ ਬਿਊਰੋ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਣ ਵਾਲੇ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋ ਸਕਦੇ ਹਨ। ਮਾਸਕੋ ’ਚ ਸੋਮਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦ ਮੁਲਾਕਾਤ ਦੀ ਉਮੀਦ ਪ੍ਰਗਟਾਈ। ਇਸ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਭਾਰਤ-ਰੂਸ ਦੇ ਸਬੰਧਾਂ ਅਤੇ ਆਪਸੀ ਸਹਿਯੋਗ ਨੂੰ ਲੈ ਕੇ ਵੀ ਚਰਚਾ ਕੀਤੀ। ਜੈਸ਼ੰਕਰ ਐਤਵਾਰ ਨੂੰ ਮਾਸਕੋ ਪਹੁੰਚੇ ਸਨ। ਉਹ ਰੂਸ ਦੇ ਆਪਣੇ ਦੋ ਦਿਨਾਂ ਦੌਰੇ ’ਤੇ ਹਨ। ਜੈਸ਼ੰਕਰ ਨੇ ਪੁਤਿਨ ਨੂੰ ਕਿਹਾ ਕਿ ਪੀ. ਐੱਮ. ਮੋਦੀ ਬ੍ਰਿਕਸ ਸੰਮੇਲਨ ਲਈ ਪੁਤਿਨ ਦਾ ਭਾਰਤ ’ਚ ਸਵਾਗਤ ਕਰਨਗੇ। ਦੋਵਾਂ ਨੇਤਾਵਾਂ ਦੀ ਸਾਲਾਨਾ ਮੀਟਿੰਗ ਵੀ ਜਲਦ ਹੋਵੇਗੀ। ਉਨ੍ਹਾਂ ਦੱਸਿਆ ਕਿ ਪੀ. ਐੱਮ. ਮੋਦੀ ਕਿਰਗਿਸਤਾਨ ’ਚ ਹੋਣ ਵਾਲੇ ਐੱਸ. ਸੀ. ਓ. ਸੰਮੇਲਨ ਵਿਚ ਉਨ੍ਹਾਂ ਨਾਲ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਮਾਸਕੋ ’ਚ ਰੂਸ ਦੇ ਉਪ-ਪ੍ਰਧਾਨ ਮੰਤਰੀ ਡੈਨਿਸ ਮੰਟੁਰੋਵ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ-ਰੂਸ ਵਿਚਾਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਭਾਈਵਾਲੀ ਵਧਾਉਣ ’ਤੇ ਵੀ ਗੱਲ ਹੋਈ। ਭਾਰਤ ਅਤੇ ਰੂਸ ਕਈ ਖੇਤਰਾਂ ਵਿਚ ਆਪਸੀ ਸਹਿਯੋਗ ਵਧਾਉਣ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੈਸ਼ੰਕਰ ਨੇ ਮੰਟੁਰੋਵ ਨਾਲ ਗੱਲਬਾਤ ਵਿਚ ਕਿਹਾ ਕਿ ਭਾਰਤ-ਰੂਸ ਭਾਈਵਾਲੀ ਨੇ ਲਗਾਤਾਰ ਬਦਲਦੇ ਹਾਲਾਤ ਮੁਤਾਬਕ ਖੁਦ ਨੂੰ ਮਜ਼ਬੂਤ ਅਤੇ ਬਿਹਤਰ ਤਰੀਕੇ ਨਾਲ ਢਾਲਿਆ ਹੈ।

