Volcano erupts again in Italy’s Mount Etna
ਇਟਲੀ ਦੇ ‘ਮਾਊਂਟ ਏਟਨਾ’ ’ਚ ਫਿਰ ਭੜਕਿਆ ਜਵਾਲਾਮੁਖੀ
ਰੋਮ (ਆਵਾਜ਼ਿ ਕੌਮ ਬਿਊਰੋ)-ਯੂਰਪ ਦੇ ਸਭ ਤੋਂ ਸਰਗਰਮ ਅਤੇ ਉੱਚੇ ਜਵਾਲਾਮੁਖੀ ਮਾਊਂਟ ਏਟਨਾ ਵਿਚ ਇਕ ਵਾਰ ਫਿਰ ਭਿਆਨਕ ਧਮਾਕਾ ਹੋਣ ਤੋਂ ਬਾਅਦ ਆਸਮਾਨ ਵਿਚ ਕਈ ਕਿਲੋਮੀਟਰ ਉੱਚੇ ਫੈਲੇ ਧੂੰਏਂ ਕਾਰਨ ਪੂਰੇ ਖੇਤਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਟਲੀ ਦੇ ਸਿਸਲੀ ਟਾਪੂ ’ਤੇ ਸਥਿਤ ਇਸ ਜਵਾਲਾਮੁਖੀ ’ਚੋਂ ਲਗਾਤਾਰ ਲਾਵਾ, ਸੁਆਹ ਅਤੇ ਧੂੰਏਂ ਦਾ ਵਿਸ਼ਾਲ ਗੁਬਾਰ ਨਿਕਲ ਰਿਹਾ ਹੈ। ਯੂਰੋ ਨਿਊਜ਼ ਅਨੁਸਾਰ ਧਮਾਕੇ ਨਾਲ ਪੈਦਾ ਹੋਈ ਸੁਆਹ ਅਤੇ ਧੂੰਏਂ ਦੇ ਗੁਬਾਰ ਦਾ ਸਭ ਤੋਂ ਵੱਡਾ ਅਸਰ ਸਿਸਲੀ ਦੇ ਮੁੱਖ ਹਵਾਈ ਅੱਡੇ, ਕਟਾਨੀਆ ਏਅਰਪੋਰਟ ’ਤੇ ਪਿਆ ਹੈ। ਰਨਵੇਅ ’ਤੇ ਸੁਆਹ ਜਮ੍ਹਾ ਹੋਣ ਅਤੇ ਉਡਾਣਾਂ ਦੌਰਾਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਅਧਿਕਾਰੀਆਂ ਨੂੰ ਹਵਾਈ ਅੱਡੇ ਦਾ ਸੰਚਾਲਨ ਵਾਰ-ਵਾਰ ਮੁਲਤਵੀ ਕਰਨਾ ਪਿਆ ਹੈ। ਇਸ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਉਨ੍ਹਾਂ ਦਾ ਰਸਤਾ ਬਦਲ ਕੇ ਪਲੇਰਮੋ ਅਤੇ ਕੋਮਿਸੋ ਵਰਗੇ ਹੋਰ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ। ਇਸ ਹਵਾਈ ਰੁਕਾਵਟ ਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਸੈਲਾਨੀਆਂ ’ਤੇ ਪਿਆ ਹੈ ਜੋ ਇਸ ਸਮੇਂ ਗਰਮੀ ਦੀਆਂ ਛੁੱਟੀਆਂ ਮਨਾਉਣ ਸਿਸਲੀ ਪਹੁੰਚੇ ਹਨ। ਕਟਾਨੀਆ ਏਅਰਪੋਰਟ ’ਤੇ ਹਜ਼ਾਰਾਂ ਯਾਤਰੀ ਫਸੇ ਹੋਏ ਹਨ ਅਤੇ ਏਅਰਲਾਈਨਜ਼ ਉਨ੍ਹਾਂ ਨੂੰ ਬੱਸਾਂ ਜਾਂ ਬਦਲਵੇਂ ਸਾਧਨਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਯਤਨ ਕਰ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯਾਤਰੀਆਂ ਅਤੇ ਜਹਾਜ਼ਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ, ਇਸ ਲਈ ਹਵਾ ਵਿਚ ਸੁਆਹ ਦਾ ਅਸਰ ਘੱਟ ਹੋਣ ਤੋਂ ਬਾਅਦ ਹੀ ਆਮ ਉਡਾਣਾਂ ਬਹਾਲ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਇਕ ਨਵੀਂ ਘਟਨਾ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਕੁਦਰਤੀ ਘਟਨਾ ਨੇ ‘ਵਾਲਕੇਨੋ ਟੂਰਿਜ਼ਮ’ ਭਾਵ ਜਵਾਲਾਮੁਖੀ ਸੈਰ-ਸਪਾਟੇ ਨੂੰ ਵੀ ਅਚਾਨਕ ਵਧਾ ਦਿੱਤਾ ਹੈ।

