India’s Got Latent once again embroiled in controversy; Kashmiri Pandits and Bihar…
ਇਕ ਵਾਰ ਫ਼ਿਰ ਵਿਵਾਦਾਂ ‘ਚ ਘਿਰਿਆ India’s Got Latent ; ਕਸ਼ਮੀਰੀ ਪੰਡਿਤਾਂ ਤੇ ਬਿਹਾਰ…
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ‘ਇੰਡੀਆਜ਼ ਗੌਟ ਲੇਟੈਂਟ’ ਦੇ ਤਾਜ਼ਾ ਐਪੀਸੋਡ ’ਚ ਸਮਯ ਰੈਨਾ ਅਤੇ ਕਾਮੇਡੀਅਨ ਸ਼ੇਰੋਨ ਵਰਮਾ ਵਿਚਾਲੇ ਇਕ-ਦੂਜੇ ਦਾ ਮਜ਼ਾਕ ਉਡਾਉਣ ਦੌਰਾਨ ਕਸ਼ਮੀਰੀ ਪੰਡਿਤਾਂ ਅਤੇ ਬਿਹਾਰ ਦੇ ਲੋਕਾਂ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ। ਦੋਵੇਂ ਕਾਮੇਡੀਅਨਾਂ ਨੇ ਆਪਣੀ-ਆਪਣੀ ਪਿਛੋਕੜ ਨੂੰ ਲੈ ਕੇ ਮਜ਼ਾਕ ਕੀਤੇ। ਮਜ਼ਾਕੀਆ ਨੋਕ-ਝੋਕ ਉਦੋਂ ਵਧ ਗਈ ਜਦੋਂ ਸਮਯ ਨੇ ਸ਼ੇਰੋਨ ਦੀਆਂ ਬਿਹਾਰੀ ਜੜ੍ਹਾਂ ਬਾਰੇ ਮਜ਼ਾਕ ਕੀਤਾ ਅਤੇ ਸ਼ੇਰੋਨ ਨੇ ਜਵਾਬ ਦਿੱਤਾ, ਜਿਸ ਨਾਲ ਪੈਨਲ ਅਤੇ ਦਰਸ਼ਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ। ਇਸ ਗੱਲਬਾਤ ਨੇ ਲੋਕਾਂ ਦਾ ਧਿਆਨ ਖਿੱਚਿਆ ਕਿਉਂਕਿ ਦੋਵਾਂ ਕਾਮੇਡੀਅਨਾਂ ਨੇ ਆਪਣੀ ਪਿਛੋਕੜ ਦੇ ਆਧਾਰ ’ਤੇ ਆਪਣੀ ਪਛਾਣ ਬਣਾਈ ਹੈ। ਸ਼ੇਰੋਨ 2024 ’ਚ ‘ਇੰਡੀਆਜ਼ ਗੌਟ ਲੇਟੈਂਟ’ ’ਚ ਆਉਣ ਤੋਂ ਬਾਅਦ ਕਾਫ਼ੀ ਮਸ਼ਹੂਰ ਹੋਈ, ਜਦਕਿ ਸਮਯ ਅਕਸਰ ਆਪਣੀ ਕਸ਼ਮੀਰੀ ਪੰਡਿਤ ਜੜ੍ਹਾਂ ਅਤੇ ਕਸ਼ਮੀਰ ਤੋਂ ਆਪਣੇ ਪਰਿਵਾਰ ਦੇ ਉਜਾੜੇ ਬਾਰੇ ’ਚ ਜਨਤਕ ਤੌਰ ’ਤੇ ਗੱਲ ਕਰਦੇ ਰਹੇ ਹਨ। ਐਪੀਸੋਡ ਦੌਰਾਨ, ਸਮਯ ਨੇ ਕਿਹਾ ਕਿ ਉਹ (ਸ਼ੇਰੋਨ ਵਰਮਾ) ਇੰਨੀ ਬਿਹਾਰਣ ਹੈ ਕਿ ਉਸ ਨੂੰ ਲੱਗਦਾ ਹੈ ਕਿ ਇਬੋਲਾ ਦਾ ਮਤਲਬ ਹੈ ਕਿਸੇ ਨੇ ਕੁਝ ਕਿਹਾ ਹੈ। ਸ਼ੇਰੋਨ ਨੇ ਜਵਾਬ ਦਿੱਤਾ ਕਿ ਸਮਯ ਇੰਨੇ ਕਸ਼ਮੀਰੀ ਹਨ ਕਿ ਉਨ੍ਹਾਂ ਨੂੰ ‘ਸਟੋਨ’ ਹੋਣਾ ਪਸੰਦ ਹੈ।’ ਫਿਰ ਸਮਯ ਨੇ ਕਿਹਾ ਕਿ ਤੁਸੀਂ ਜਾਣਦੇ ਹੋ, ਸ਼ੇਰੋਨ ਵਰਮਾ ਇਕ ਬਿਹਾਰਣ ਹੈ ਜੋ ਨੌਕਰੀ ਦੀ ਭਾਲ ’ਚ ਮੁੰਬਈ ਆਈ। ਬੱਸ ਬਿਹਾਰੀ ਗੱਲਾਂ। ਸ਼ੇਰੋਨ ਨੇ ਜਵਾਬ ਦਿੱਤਾ ਕਿ ਘੱਟੋ-ਘੱਟ ਮੈਂ ਆਪਣੀ ਮਰਜ਼ੀ ਨਾਲ ਆਪਣਾ ਸੂਬਾ ਛੱਡਿਆ। ਭਾਜਪਾ ਨੇ ਸ਼ਨੀਵਾਰ ਨੂੰ ਕਾਮੇਡੀਅਨ ਸਮਯ ਰੈਨਾ ਦੀ ਆਲੋਚਨਾ ਕੀਤੀ। ਇਸ ਸਬੰਧ ’ਚ ਭਾਜਪਾ ਵਿਧਾਇਕ ਰਾਮ ਕਦਮ ਨੇ ਕਿਹਾ ਕਿ ਸਮਾਜ ’ਚ ਕੁਝ ਅਜਿਹੀਆਂ ਤਾਕਤਾਂ ਹਨ ਜੋ ਸਿਰਫ਼ ਪਬਲਿਸਿਟੀ ਪਾਉਣ ਲਈ ਜਾਣਬੁੱਝ ਕੇ ਵਿਵਾਦਤ ਬਿਆਨ ਦਿੰਦੀਆਂ ਹਨ। ਉਨ੍ਹਾਂ ਦਾ ਇਕਮਾਤਰ ਮਕਸਦ ਮਸ਼ਹੂਰ ਹੋਣਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਨਾਤਨ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਅਤੇ ਕਸ਼ਮੀਰੀ ਪੰਡਿਤਾਂ ਦਾ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਕੋਈ ਜਾਣਬੁੱਝ ਕੇ ਅਪਮਾਨਜਨਕ ਕੰਮ ਕਰ ਕੇ ਬਾਅਦ ’ਚ ਬੱਸ ਮੁਆਫੀ ਨਹੀਂ ਮੰਗ ਸਕਦਾ। ਇਸ ਦੌਰਾਨ, ਉਨ੍ਹਾਂ ਨੂੰ ਪੂਰੇ ਦੇਸ਼ ’ਚ ਉਹ ਪਬਲੀਸਿਟੀ ਮਿਲ ਜਾਂਦੀ ਹੈ ਜੋ ਉਹ ਚਾਹੁੰਦੇ ਸਨ ਅਤੇ ਉਹ ਵੀ ਮੁਫ਼ਤ ’ਚ। ਬਿਹਾਰ ਦੇ ਮੰਤਰੀ ਮਿਥਿਲੇਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨਾ ਅਸਵੀਕਾਰਯੋਗ ਹੈ।

