”We have no shortage of weapons..!”, Trump made a big statement in the midst of war with Iran
”ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ..!”, ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ’ਤਾ ਵੱਡਾ ਬਿਆਨ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਨਾਲ ਤਣਾਅ ਵਿਚਾਲੇ ਅਮਰੀਕਾ ਦੇ ਹਥਿਆਰ ਖ਼ਤਮ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਦੁਨੀਆ ’ਚ ਸਭ ਤੋਂ ਵੱਧ ਹਥਿਆਰ ਹਨ, ਲੋੜ ਤੋਂ ਵੀ ਵੱਧ।’’ ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਇਰਾਨ ਨਾਲ ਲਗਾਤਾਰ ਟਕਰਾਅ ਕਾਰਨ ਅਮਰੀਕਾ ਦੀਆਂ ਪੈਟ੍ਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘਟ ਰਿਹਾ ਹੈ। ਬਿਆਨ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਕਈ ਏ.ਆਈ. ਤਸਵੀਰਾਂ ਸਾਂਝੀਆਂ ਕੀਤੀਆਂ। ਇਕ ਤਸਵੀਰ ’ਚ ਇਰਾਨ ਦੇ ਸਭ ਤੋਂ ਵੱਡੇ ਤੇਲ ਐਕਸਪੋਰਟ ਕੇਂਦਰ ਖਾਰਗ ਆਈਲੈਂਡ ’ਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਲਿਖਿਆ-‘ਸਟ੍ਰਾਈਕ ਆਨ ਖਾਰਗ’। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਏ.ਆਈ. ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ ’ਚ ਇਕ ਇਰਾਨੀ ਤੇਲ ਟੈਂਕਰ ’ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇਕ ਦੂਜੀ ਤਸਵੀਰ ਵਿਚ ਜਹਾਜ਼ ਨੂੰ ਉੱਡਦਾ ਹੋਇਆ ਦਿਖਾਇਆ ਗਿਆ, ਜਿਸ ਦੇ ਨਾਲ ਲਿਖਿਆ ਸੀ- ‘ਨੋ ਮੋਰ ਇੰਜਨਜ਼’। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਫਿਲਹਾਲ ਅਮਰੀਕਾ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਹਾਲ ਦੇ ਦਿਨਾਂ ਵਿਚ ਸੰਘਰਸ਼ ਰੁਕ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਈ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਵਿਚੋਲੇ ਅਮਰੀਕਾ ਵੱਲੋਂ ਸਾਨੂੰ ਮੌਜੂਦਾ ਹਾਲਾਤ ਨਾਲ ਜੁੜੇ ਸੰਦੇਸ਼ ਪਹੁੰਚਾ ਸਕਦੇ ਹਨ ਪਰ ਇਸ ਸਮੇਂ ਅਮਰੀਕਾ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਹੈ।’’ ਇਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਹਮੀਦਰੇਜ਼ਾ ਹਾਜੀਬਾਬਾਈ ਨੇ ਕਿਹਾ ਹੈ ਕਿ ਅਮਰੀਕਾ ਇਹ ਤੈਅ ਨਹੀਂ ਕਰ ਸਕਦਾ ਕਿ ਉਹ ਕਦੋਂ ਜੰਗ ਸ਼ੁਰੂ ਕਰੇਗਾ ਅਤੇ ਕਦੋਂ ਜੰਗਬੰਦੀ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਇਰਾਨ ਅਜਿਹਾ ਕਦੇ ਨਹੀਂ ਹੋਣ ਦੇਵੇਗਾ। ਅਮਰੀਕਾ ਅਤੇ ਇਰਾਨ ਵਿਚਾਲੇ ਲੜਾਈ ਫਿਲਹਾਲ ਰੁਕਣ ਤੋਂ ਬਾਅਦ ਸੋਮਵਾਰ ਨੂੰ ਗਲੋਬਲ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਕਾਰੋਬਾਰੀਆਂ ਨੂੰ ਹੁਣ ਵੀ ਖ਼ਦਸ਼ਾ ਹੈ ਕਿ ਹਾਲਾਤ ਫਿਰ ਵਿਗੜ ਸਕਦੇ ਹਨ। ਬ੍ਰੈਂਟ ਕਰੂਡ 6.7 ਫੀਸਦੀ ਟੁੱਟ ਕੇ 90 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ, ਜਦਕਿ ਅਮਰੀਕੀ ਬੈਂਚਮਾਰਕ ਡਬਲਿਊ.ਟੀ.ਆਈ. 6.1 ਫੀਸਦੀ ਡਿੱਗ ਕੇ 84 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਇਹ ਦੋਵੇਂ ਦੁਨੀਆ ਵਿਚ ਕੱਚੇ ਤੇਲ ਦੇ ਦੋ ਮੁੱਖ ਸਟੈਂਡਰਡ ਹਨ। ਇਨ੍ਹਾਂ ਦੇ ਆਧਾਰ ’ਤੇ ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਬ੍ਰੈਂਟ ਕਰੂਡ ਉੱਤਰੀ ਸਾਗਰ ਤੋਂ ਕੱਢੇ ਜਾਣ ਵਾਲੇ ਤੇਲ ਦਾ ਮਾਪਦੰਡ ਹੈ। ਯੂਰਪ, ਏਸ਼ੀਆ, ਅਫਰੀਕਾ ਅਤੇ ਮਿਡਲ ਈਸਟ ਵਿਚ ਵਿਕਣ ਵਾਲੇ ਜ਼ਿਆਦਾਤਰ ਕੱਚੇ ਤੇਲ ਦੀ ਕੀਮਤ ਇਸੇ ਦੇ ਆਧਾਰ ’ਤੇ ਤੈਅ ਹੁੰਦੀ ਹੈ। ਇਰਾਨ ਨੇ ਕੈਸਪੀਅਨ ਸਾਗਰ ਵਿਚ ਆਪਣੇ ਇਕ ਜਹਾਜ਼ ’ਤੇ ਹੋਏ ਯੂਕ੍ਰੇਨੀ ਹਮਲੇ ਤੋਂ ਬਾਅਦ ਸਖ਼ਤ ਧਮਕੀ ਦਿੱਤੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਕਾਰਵਾਈ ਤੋਂ ਬਾਅਦ ਹੁਣ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਈ ਨੇ ਸੋਮਵਾਰ ਨੂੰ ਕਿਹਾ ਕਿ ਯੂਕ੍ਰੇਨ ਦਾ ਹਮਲਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਉਨ੍ਹਾਂ ਨੇ ਇਸ ਨੂੰ ਖ਼ਤਰਨਾਕ ਦੱਸਿਆ। ਬਾਘਈ ਨੇ ਕਿਹਾ ਕਿ ਇਰਾਨ ਇਸ ਕਾਰਵਾਈ ਨੂੰ ਬਿਨਾਂ ਜਵਾਬ ਦਿੱਤੇ ਨਹੀਂ ਛੱਡੇਗਾ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਯੂਕ੍ਰੇਨੀ ਫੌਜ ਨੇ ਕੈਸਪੀਅਨ ਸਾਗਰ ਵਿਚ ਲੰਬੀ ਦੂਰੀ ਦੇ ਹਮਲੇ ਕੀਤੇ ਹਨ। ਉਨ੍ਹਾਂ ਦੇ ਮੁਤਾਬਕ, ਇਨ੍ਹਾਂ ਹਮਲਿਆਂ ਵਿਚ ਉਨ੍ਹਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਇਰਾਨ ਨਾਲ ਜੁੜੇ ਫੌਜੀ ਸਾਮਾਨ ਦੀ ਢੋਆ-ਢੁਆਈ ਵਿਚ ਵਰਤੇ ਜਾ ਰਹੇ ਸਨ।

