“We will blow up the Somnath Temple and the BJP office with a bomb” — an email sent the police into a tizzy
ਬੰਬ ਨਾਲ ਉੱਡਾ ਦੇਵਾਂਗੇ ਸੋਮਨਾਥ ਮੰਦਰ ਤੇ ਭਾਜਪਾ ਦਫ਼ਤਰ, ਈ-ਮੇਲ ਨੇ ਪੁਲਸ ਨੂੰ ਪੁਆ ‘ਤੀਆਂ ਭਾਜੜਾਂ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਗੁਜਰਾਤ ਦੇ ਸੋਮਨਾਥ ਮੰਦਰ ਅਤੇ ਭਾਜਪਾ ਦੇ ਦਫ਼ਤਰਾਂ ਸਮੇਤ ਕਈ ਥਾਵਾਂ ਨੂੰ ਬੰਬ ਨਾਲ ਉਡਾਉਣ ਦੇ ਸੰਬੰਧ ਵਿਚ ਈ-ਮੇਲ ਰਾਹੀਂ ਧਮਕੀ ਮਿਲੀ। ਸੋਮਵਾਰ ਨੂੰ ਈ-ਮੇਲ ਸਭ ਤੋਂ ਪਹਿਲਾਂ ਪੰਜਾਬ ਪੁਲਸ ਨੂੰ ਮਿਲੀ ਸੀ। ਪੰਜਾਬ ਦੇ ਡੀ. ਜੀ. ਪੀ. ਨੇ ਗੁਜਰਾਤ ਪੁਲਸ ਨੂੰ ਮੇਲ ਦੀ ਜਾਣਕਾਰੀ ਦਿੱਤੀ। ਸੁਰੱਖਿਆ ਏਜੰਸੀਆਂ ਨੇ ਮੰਦਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ, ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਹਿਮਦਾਬਾਦ ਅਤੇ ਗਾਂਧੀਨਗਰ ’ਚ ਭਾਜਪਾ ਦੇ ਦਫ਼ਤਰਾਂ ਦੀ ਵੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਪਰ ਇਨ੍ਹਾਂ ਥਾਵਾਂ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਈ-ਮੇਲ ਦੀ ਸ਼ੁਰੂਆਤ ਵਿਚ ‘ਅੱਸਲਾਮੂ ਵਾਲੇਕੁਮ, ਅੱਲਾਹ-ਹੂ-ਅਕਬਰ’ ਲਿਖਿਆ ਸੀ। ਇਸ ਤੋਂ ਬਾਅਦ ਸੋਮਨਾਥ ਮੰਦਰ, ਰਾਅ ਏਜੰਸੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਸੀ। ਈ-ਮੇਲ ਵਿਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ ਕਿ ਵੱਖ-ਵੱਖ ਥਾਵਾਂ ’ਤੇ ਪਹਿਲਾਂ ਤੋਂ ਹੀ ਬੰਬ ਲਗਾਏ ਜਾ ਚੁੱਕੇ ਹਨ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਤਲਾਸ਼ੀ ਮੁਹਿੰਮ ਚਲਾਉਣੀ ਪਈ। ਦਿੱਲੀ ਫਾਇਰ ਸਰਵਿਸ ਮੁਤਾਬਕ ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ਵਿਚ ਹੌਜ਼ ਖਾਸ ਵਿਚ ਮਦਰ ਇੰਟਰਨੈਸ਼ਨਲ ਸਕੂਲ, ਚਾਣਕਿਆਪੁਰੀ ਵਿਚ ਨੇਵੀ ਚਿਲਡਰਨ ਸਕੂਲ ਅਤੇ ਚਾਣਕਿਆਪੁਰੀ ਸਥਿਤ ਬਾਲ ਭਾਰਤੀ ਸਕੂਲ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

