Weapons-laden ship hijacked in the middle of the sea, 10 crew members including 6 Indians stranded
ਸਮੁੰਦਰ ਵਿਚਾਲੇ ਹਥਿਆਰਾਂ ਨਾਲ ਲੱਦਿਆ ਜਹਾਜ਼ ਹਾਈਜੈਕ, 6 ਭਾਰਤੀਆਂ ਸਣੇ 10 ਕਰੂ ਮੈਂਬਰ ਫਸੇ
ਮੋਗਾਦਿਸ਼ੂ (ਆਵਾਜ਼ਿ ਕੌਮ ਬਿਊਰੋ)- ਅਫ਼ਰੀਕੀ ਦੇਸ਼ ਸੋਮਾਲੀਆ ਦੇ ਪੁੰਟਲੈਂਡ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਨੇ ਕੈਮਰੂਨ ਦੇ ਝੰਡੇ ਵਾਲੇ ਇੱਕ ਕਾਰਗੋ ਜਹਾਜ਼ ‘M/V LUTUF’ ਨੂੰ ਅਗਵਾ ਕਰ ਲਿਆ ਹੈ, ਜਿਸ ਵਿੱਚ 6 ਭਾਰਤੀ ਨਾਗਰਿਕ ਵੀ ਸਵਾਰ ਹਨ। ਸੋਮਾਲੀਆ ਦੇ ਇੱਕ ਅਧਿਕਾਰੀ ਅਨੁਸਾਰ, ਸੋਮਵਾਰ ਨੂੰ ਵਾਪਰੀ ਇਸ ਘਟਨਾ ਦੌਰਾਨ ਜਹਾਜ਼ ‘ਤੇ ਤੁਰਕੀ ਦੇ ਹਥਿਆਰ ਲੱਦੇ ਹੋਏ ਸਨ ਅਤੇ ਲੁਟੇਰੇ ਇਸ ਨੂੰ ਅਗਵਾ ਕਰਕੇ ਨੂਗਾਲ ਤੱਟ ਵੱਲ ਲੈ ਗਏ ਹਨ। ਇਹ ਅਗਵਾ ਪੁੰਟਲੈਂਡ ਦੇ ਆਈਲ ਜ਼ਿਲ੍ਹੇ ਵਿੱਚ ਮੱਰਾਇਆ ਦੇ ਕੋਲ ਸਮੁੰਦਰ ਵਿੱਚ ਕੀਤਾ ਗਿਆ। ‘ਪੋਲਰ ਮੂਵਮੈਂਟ ਸ਼ਿਪਿੰਗ’ ਦੇ ਇਸ ਜਹਾਜ਼ ਵਿੱਚ ਮੋਗਾਦਿਸ਼ੂ ਸਥਿਤ ਤੁਰਕੀ ਦੇ ਫੌਜੀ ਸਿਖਲਾਈ ਕੇਂਦਰ ਲਈ ਭੇਜੇ ਜਾ ਰਹੇ ਹਥਿਆਰਾਂ ਸਮੇਤ ਸੰਚਾਰ ਅਤੇ ਸੈਟੇਲਾਈਟ ਉਪਕਰਣ ਸਨ। ਜਹਾਜ਼ ਦੇ 10 ਮੈਂਬਰੀ ਚਾਲਕ ਦਲ ਵਿੱਚ 6 ਭਾਰਤੀ, 1 ਤੁਰਕੀ, 1 ਜਾਰਜੀਆ ਦਾ ਨਾਗਰਿਕ ਅਤੇ 2 ਸਰਬੀਆਈ ਸੁਰੱਖਿਆ ਗਾਰਡ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ 8 ਸਮੁੰਦਰੀ ਲੁਟੇਰੇ ਉਸੇ ਸਮੂਹ ਦੇ ਮੈਂਬਰ ਹਨ, ਜਿਸ ਨੇ ਲੰਘੀ 26 ਅਪ੍ਰੈਲ ਨੂੰ ‘M/V SWARD’ ਜਹਾਜ਼ ਨੂੰ ਅਗਵਾ ਕੀਤਾ ਸੀ। ਘਟਨਾ ਤੋਂ ਬਾਅਦ ਤੁਰਕੀ ਦੀ ਮਾਲਕੀ ਵਾਲੇ ਜਹਾਜ਼ ਅਗਵਾ ਕੀਤੇ ਗਏ ਜਹਾਜ਼ ਦੇ ਨੇੜੇ ਪਹੁੰਚ ਗਏ ਹਨ, ਜਦੋਂ ਕਿ ਤੁਰਕੀ ਦੇ ਹੈਲੀਕਾਪਟਰ ਅਤੇ ਡਰੋਨ ਲਗਾਤਾਰ ਉਸ ਇਲਾਕੇ ‘ਤੇ ਨਜ਼ਰ ਰੱਖ ਰਹੇ ਹਨ। ਮੰਗਲਵਾਰ ਨੂੰ ਦੋ ਲੋਕਾਂ ਨਾਲ ਇੱਕ ਛੋਟੀ ਕਿਸ਼ਤੀ ਜਹਾਜ਼ ਕੋਲ ਪਹੁੰਚੀ ਸੀ, ਜਿਸ ਨੇ ਉੱਥੇ ‘ਖਤ’ (ਸੋਮਾਲੀਆ ਵਿੱਚ ਨਸ਼ੇ ਲਈ ਚਬਾਇਆ ਜਾਣ ਵਾਲਾ ਪਦਾਰਥ) ਪਹੁੰਚਾਇਆ। ਇਸ ਕਿਸ਼ਤੀ ਦੇ ਵਾਪਸ ਜਾਣ ਤੋਂ ਬਾਅਦ ਉੱਥੇ ਇੱਕ ਹਵਾਈ ਹਮਲਾ ਹੋਇਆ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ, ਇਹ ਹਮਲਾ ਕਿਸਨੇ ਕੀਤਾ ਅਤੇ ਇਸ ਵਿੱਚ ਹਤਾਹਤ ਹੋਏ ਲੋਕ ਕੌਣ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।ਇਸ ਦੇ ਨਾਲ ਹੀ ਜਹਾਜ਼ ਅਤੇ ਚਾਲਕ ਦਲ ਦੀ ਮੌਜੂਦਾ ਸਥਿਤੀ ਬਾਰੇ ਵੀ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।

