Wildfires rage in the Australian state of Queensland, 78 fires have broken out in the area.
ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ’ਚ ਜੰਗਲੀ ਅੱਗ ਦਾ ਕਹਿਰ, 78 ਥਾਵਾਂ ’ਤੇ ਲੱਗੀ ਭਿਆਨਕ ਅੱਗ
ਬ੍ਰਿਸਬੇਨ (ਆਵਾਜ਼ਿ ਕੌਮ ਬਿਊਰੋ)-ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿੱਚ ਮੌਸਮ ਵਿਚ ਆਈ ਤਬਦੀਲੀ ਕਾਰਨ ਤਾਪਮਾਨ ਆਮ ਨਾਲੋ ਵੱਧ ਦਰਜ ਕੀਤਾ ਗਿਆ ਹੈ ਜਿਸ ਕਾਰਨ ਗਰਮੀ ਅਤੇ ਖੁਸ਼ਕ ਮੌਸਮ ਦਰਮਿਆਨ ਜੰਗਲਾਂ ਨੂੰ ਅੱਗ ਲੱਗ ਗਈ ਹੈ, ਜਿਸ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਐਤਵਾਰ ਨੂੰ 78 ਵੱਖ-ਵੱਖ ਥਾਵਾਂ ‘ਤੇ ਜੰਗਲਾ ਨੂੰ ਅੱਗ ਲੱਗ ਗਈ। ਅੱਗ ਕਾਰਨ ਕਰੀਬ 20 ਘਰਾਂ ਨੂੰ ਖ਼ਤਰਾ ਪੈਦਾ ਹੋਇਆ। ਇਸ ’ਤੇ ਕਾਬੂ ਪਾਉਣ ਲਈ 26 ਅੱਗ ਬੁਝਾਊ ਗੱਡੀਆਂ ਅਤੇ ਦੋ ਪਾਣੀ ਸੁੱਟਣ ਵਾਲੇ ਜਹਾਜ਼ ਤਾਇਨਾਤ ਕੀਤੇ ਗਏ। ਇਸ ਦੌਰਾਨ ਤੇਜ਼ ਉੱਤਰੀ ਹਵਾਵਾਂ ਅਤੇ ਤਪਸ਼ ਨੇ ਅੱਗ ਬੁਝਾਊ ਅਮਲੇ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕੀਤਾ। ਲੌਕਯਰ ਵੈਲੀ ਦੇ ਪਲੇਨਲੈਂਡ ਇਲਾਕੇ ਵਿੱਚ ਭੜਕੀ ਵੱਡੀ ਅੱਗ ਕਾਰਨ ਬ੍ਰਿਸਬੇਨ-ਟੂਵੂਮਬਾ ਨੂੰ ਜੋੜਨ ਵਾਲਾ ਵਾਰਿਗੋ ਹਾਈਵੇਅ ਕੁਝ ਸਮੇਂ ਲਈ ਦੋਵੇਂ ਪਾਸਿਆਂ ਤੋਂ ਬੰਦ ਕਰਨਾ ਪਿਆ। ਅੱਗ ਦੇ ਤੇਜ਼ੀ ਨਾਲ ਫੈਲਣ ਦੇ ਖ਼ਦਸ਼ੇ ਕਾਰਨ ਨੇੜਲੇ ਵਸਨੀਕਾਂ ਨੂੰ ਇਲਾਕਾ ਛੱਡਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ। ਬਾਅਦ ਵਿੱਚ ਹਾਲਾਤ ਸੁਧਰਨ ’ਤੇ ਚਿਤਾਵਨੀ ਹਟਾ ਦਿੱਤੀ ਗਈ ਅਤੇ ਹਾਈਵੇਅ ਮੁੜ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਤਾਪਮਾਨ ਆਮ ਨਾਲੋਂ 5 ਤੋਂ 10 ਡਿਗਰੀ ਵੱਧ ਰਿਹਾ। ਅੰਦਰੂਨੀ ਇਲਾਕਿਆਂ ਵਿੱਚ ਪਾਰਾ 34 ਤੋਂ 36 ਡਿਗਰੀ ਸੈਲਸੀਅਸ ਤੱਕ ਪੁੱਜਿਆ, ਜੋ ਸਤੰਬਰ ਵਿੱਚ 2019 ਤੋਂ ਬਾਅਦ ਸਭ ਤੋਂ ਵੱਧ ਹੈ। ਇਪਸਵਿਚ ਅਤੇ ਲੌਕਯਰ ਵੈਲੀ ਵਿੱਚ 24 ਘੰਟਿਆਂ ਦੀ ਅੱਗ ਸਬੰਧੀ ਪਾਬੰਦੀ ਵੀ ਲਾਗੂ ਕੀਤੀ ਗਈ ਹੈ।
