Woman held hostage and robbed of ₹5 lakh in cash and 22 tolas of gold at her home in Jalandhar
ਜਲੰਧਰ ਵਿਖੇ ਘਰ ‘ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਜਲੰਧਰ-ਪਠਾਨਕੋਟ ਰੋਡ ਸਥਿਤ ਪਿੰਡ ਰਾਉਵਾਲੀ ਵਿੱਚ ਦੇਰ ਰਾਤ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਦੇਰ ਰਾਤ ਅੱਧੀ ਦਰਜਨ ਤੋਂ ਵੱਧ ਲੁਟੇਰੇ ਇਕ ਘਰ ਵਿੱਚ ਵੜ ਗਏ ਅਤੇ ਉਨ੍ਹਾਂ ਨੇ ਘਰ ਵਿੱਚ ਮੌਜੂਦ ਔਰਤ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਲੁਟੇਰੇ ਘਰੋਂ 5 ਲੱਖ ਦੀ ਨਕਦੀ ਅਤੇ ਕਰੀਬ 22 ਤੋਲੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਤੋਂ ਕਰੀਬ ਇਕ ਘੰਟਾ ਪਹਿਲਾਂ ਲੁਟੇਰਿਆਂ ਨੇ ਇਕ ਹੋਰ ਕੋਠੀ ‘ਚ ਵੜਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉੱਥੇ ਲੋਕਾਂ ਵੱਲੋਂ ਰੌਲਾ ਪਾ ਦਿੱਤਾ ਗਿਆ, ਜਿਸ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ‘ਚ ਨਾਕਾਮ ਰਹੇ। ਭਾਵੇਂ ਉਕਤ ਕੋਠੀ ‘ਚ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਨਾਕਾਮ ਰਹੇ ਪਰ ਇਲਾਕਾ ਵਾਸੀਆਂ ਵੱਲੋਂ ਪੁਲਸ ਕੰਟਰੋਲ ਰੂਮ ‘ਚ ਸੂਚਨਾ ਦੇ ਦਿੱਤੀ ਗਈ ਸੀ। ਜਿਸ ਦੇ ਬਾਵਜੂਦ ਕੁਝ ਦੇਰ ਬਾਅਦ ਲੁਟੇਰਿਆਂ ਨੇ ਨੇੜੇ ਦੇ ਦੂਜੇ ਘਰ ਨੂੰ ਨਿਸ਼ਾਨਾ ਬਣਾ ਲਿਆ। ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਸੀ. ਸੀ. ਟੀ. ਵੀ. ਫੁਟੇਜ ‘ਚ ਵੇਖਿਆ ਜਾ ਸਕਦਾ ਹੈ ਕਿ ਹੱਥਾਂ ‘ਚ ਡਾਂਗਾਂ ਲੈ ਕੇ ਲੁਟੇਰੇ ਘਰ ‘ਚ ਵੜਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਤੋਂ ਬਾਅਦ ਉਹ ਕੰਧ ਟੱਪਣ ਦੀ ਕੋਸ਼ਿਸ਼ ਕਰਦੇ ਹਨ ਅਤੇ ਰੌਲਾ ਪੈਣ ‘ਤੇ ਉੱਥੋਂ ਫਰਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਦੂਜੀ ਵੀਡੀਓ ‘ਚ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਦੀ ਅਲਮਾਰੀ ਦਾ ਸਮਾਨ ਖਿਲਰਿਆ ਪਿਆ ਹੈ। ਥਾਣਾ ਮਕਸੂਦਾਂ ਦੀ ਪੁਲਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।

