Woman swindled of Rs 41.45 lakh on the pretext of exchanging old notes
ਪੁਰਾਣੇ ਨੋਟ ਬਦਲਣ ਦੇ ਨਾਂ ‘ਤੇ ਔਰਤ ਨਾਲ 41.45 ਲੱਖ ਰੁਪਏ ਦੀ ਠੱਗੀ
ਨੋਇਡਾ (ਆਵਾਜ਼ਿ ਕੌਮ ਬਿਊਰੋ)-ਨੋਇਡਾ ‘ਚ ਸਾਈਬਰ ਅਪਰਾਧੀਆਂ ਨੇ ਚਲਣ ਤੋਂ ਬਾਹਰ ਹੋ ਚੁੱਕੇ ਪੁਰਾਣੇ ਨੋਟਾਂ ਨੂੰ ਬਦਲਣ ਦਾ ਵਾਅਦਾ ਕਰਕੇ ਇਕ ਔਰਤ ਨਾਲ 41.45 ਲੱਖ ਰੁਪਏ ਦੀ ਠੱਗੀ ਕੀਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਸਾਈਬਰ ਕ੍ਰਾਈਮ) ਪ੍ਰੀਤੀ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਸੈਕਟਰ 26 ਦੀ ਰਹਿਣ ਵਾਲੀ ਅਨੁਰਾਧਾ ਛੇਤਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਈਬਰ ਅਪਰਾਧੀਆਂ ਨੇ ਫੇਸਬੁੱਕ ਰਾਹੀਂ ਉਸ ਨਾਲ ਸੰਪਰਕ ਕੀਤਾ ਅਤੇ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ਨਾਲ ਬਦਲਣ ਦਾ ਵਾਅਦਾ ਕੀਤਾ। ਸ਼ਿਕਾਇਤ ਦੇ ਅਨੁਸਾਰ, ਮੁਲਜ਼ਮਾਂ ਨੇ ਉਸ ਨੂੰ ਨੋਟਾਂ ਨੂੰ ਬਦਲਣ ਲਈ ਜੀਐੱਸਟੀ ਦੀ ਆੜ ‘ਚ ਵੱਖ-ਵੱਖ ਕਿਸ਼ਤਾਂ ‘ਚ ਕੁੱਲ 41.45 ਲੱਖ ਰੁਪਏ ਆਨਲਾਈਨ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨਾਲ ਸੰਪਰਕ ਤੋੜ ਦਿੱਤਾ। ਇਕ ਹੋਰ ਮਾਮਲੇ ‘ਚ ਇਕ 87 ਸਾਲਾ ਸੇਵਾਮੁਕਤ ਰੇਲਵੇ ਅਧਿਕਾਰੀ ਦੇ ਬੈਂਕ ਖਾਤੇ ‘ਚੋਂ 6 ਲੱਖ 41 ਹਜ਼ਾਰ ਰੁਪਏ ਕਢਵਾ ਲਏ ਗਏ। ਯਾਦਵ ਨੇ ਕਿਹਾ ਕਿ ਦੂਜੇ ਮਾਮਲੇ ‘ਚ ਰਵੀ ਆਨੰਦ ਸਕਸੈਨਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਣਪਛਾਤੇ ਸਾਈਬਰ ਅਪਰਾਧੀਆਂ ਨੇ ਕਥਿਤ ਤੌਰ ‘ਤੇ ਧੋਖਾਧੜੀ ਨਾਲ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ‘ਚੋਂ 6,41,000 ਟਰਾਂਸਫਰ ਕੀਤੇ ਹਨ। ਸਕਸੈਨਾ (87) ਭਾਰਤੀ ਰੇਲਵੇ ਤੋਂ ਸੇਵਾਮੁਕਤ ਮੁੱਖ ਇੰਜੀਨੀਅਰ ਹੈ ਅਤੇ ਨੋਇਡਾ ਦੇ ਸੈਕਟਰ 168 ‘ਚ ਇਕ ਸੋਸਾਇਟੀ ‘ਚ ਰਹਿੰਦਾ ਹੈ। ਪੁਲਸ ਨੇ ਦੋਵਾਂ ਮਾਮਲਿਆਂ ‘ਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

