Work to remove names and symbols associated with Pakistan has begun in Balochistan: Mir Yar Baloch
ਬਲੋਚਿਸਤਾਨ ’ਚ ਪਾਕਿਸਤਾਨ ਨਾਲ ਜੁੜੇ ਨਾਵਾਂ ਅਤੇ ਚਿੰਨ੍ਹਾਂ ਨੂੰ ਹਟਾਉਣ ਦਾ ਕੰਮ ਸ਼ੁਰੂ : ਮੀਰ ਯਾਰ ਬਲੋਚ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਬਲੋਚਿਸਤਾਨ ਗਣਰਾਜ ਇਕ ਆਜ਼ਾਦ ਦੇਸ਼ ਹੈ ਅਤੇ ਇਸ ਆਜ਼ਾਦੀ ਦੀ ਨੀਂਹ 11 ਅਗਸਤ 1947 ਨੂੰ ਰੱਖੀ ਗਈ ਸੀ। ਇਸ ਇਤਿਹਾਸਕ ਅਤੇ ਰਾਸ਼ਟਰੀ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਇਸ ਦੇ ਅਨੁਸਾਰ ਹੁਣ ਬਲੋਚਿਸਤਾਨ ਵਿਚ ਸੜਕਾਂ, ਰਾਜਮਾਰਗਾਂ, ਹਸਪਤਾਲਾਂ, ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ, ਵਿਦਿਅਕ ਸੰਸਥਾਵਾਂ, ਗਲੀਆਂ, ਚੌਕਾਂ ਅਤੇ ਹੋਰ ਥਾਵਾਂ ਦੇ ਨਾਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ ਜੋ ਪਾਕਿਸਤਾਨ, ਬ੍ਰਿਟੇਨ ਜਾਂ ਪਿਛਲੇ ਵਿਦੇਸ਼ੀ ਸ਼ਾਸਨ ਅਤੇ ਕਬਜ਼ੇ ਦੀ ਪਛਾਣ ਜਾਂ ਚਿੰਨ੍ਹ ਰੱਖਦੇ ਹਨ। ਇਸ ਬਾਰੇ ਬਲੋਚ ਨੇਤਾ ਮੀਰ ਯਾਰ ਬਲੋਚ ਨੇ ਕਿਹਾ ਕਿ ਇਸ ਪ੍ਰਕਿਰਿਆ ਦਾ ਉਦੇਸ਼ ਸਿਰਫ਼ ਨਾਂ ਬਦਲਣਾ ਨਹੀਂ ਹੈ, ਸਗੋਂ ਬਲੋਚਿਸਤਾਨ ਦੀ ਇਤਿਹਾਸਕ ਪਛਾਣ, ਰਾਸ਼ਟਰੀ ਚਰਿੱਤਰ ਅਤੇ ਸੱਭਿਆਚਾਰਕ ਵਿਰਾਸਤ ਨੂੰ ਬਹਾਲ ਕਰਨਾ ਹੈ। ਮੀਰ ਯਾਰ ਬਲੋਚ ਦੇ ਅਨੁਸਾਰ ਕੋਇਟਾ ਅਤੇ ਬਲੋਚਿਸਤਾਨ ਦੇ ਹੋਰ ਹਿੱਸਿਆਂ ’ਚ ਜਿਨਾਹ ਰੋਡ, ਫਾਤਿਮਾ ਜਿਨਾਹ ਰੋਡ, ਇਕਬਾਲ ਰੋਡ ਅਤੇ ਹੋਰ ਨਾਵਾਂ ਨੂੰ ਹੌਲੀ-ਹੌਲੀ ਬਲੋਚਿਸਤਾਨ ਦੇ ਪ੍ਰਾਚੀਨ ਇਤਿਹਾਸ, ਭੂਗੋਲ, ਸੱਭਿਆਚਾਰ, ਸ਼ਹੀਦਾਂ, ਰਾਸ਼ਟਰੀ ਨੇਤਾਵਾਂ ਅਤੇ ਇਤਿਹਾਸਕ ਸ਼ਖਸੀਅਤਾਂ ਨਾਲ ਸਬੰਧਤ ਨਾਵਾਂ ਨਾਲ ਬਦਲ ਦਿੱਤਾ ਜਾਵੇਗਾ।

