Bail denied to accused of heroin smuggling and terror funding from Pakistan
ਪਾਕਿਸਤਾਨ ਤੋਂ ਹੈਰੋਇਨ ਸਮੱਗਲਿੰਗ ਅਤੇ ਅੱਤਵਾਦੀ ਫੰਡਿੰਗ ਦੇ ਮੁਲਜ਼ਮ ਦੀ ਜ਼ਮਾਨਤ ਖਾਰਜ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਜ਼ਿਲ੍ਹਾ ਅਦਾਲਤ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਸਮੱਗਲਿੰਗ ਅਤੇ ਅੱਤਵਾਦੀ ਸੰਗਠਨ ਹਿਜ਼ਬ-ਉਲ-ਮੁਜਾਹਿਦੀਨ ਨੂੰ ਕਥਿਤ ਤੌਰ ’ਤੇ ਫੰਡ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਮੁਲਜ਼ਮ ਇਕਬਾਲ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਰਿਕਾਰਡਾਂ ਦੇ ਆਧਾਰ ’ਤੇ, ਪਹਿਲੀ ਨਜ਼ਰੇ ਮਾਮਲੇ ਵਿਚ ਮੁਲਜ਼ਮ ਦੀ ਸ਼ਮੂਲੀਅਤ ਸਪੱਸ਼ਟ ਹੈ ਅਤੇ ਯੂ. ਏ. ਪੀ. ਏ. ਤੇ ਐੱਨ.ਡੀ.ਪੀ.ਐੱਸ. ਐਕਟ ਹੇਠ ਜ਼ਮਾਨਤ ’ਤੇ ਰੋਕ ਲਾਗੂ ਹੁੰਦੀ ਹੈ। ਐੱਨ.ਆਈ.ਏ. ਅਨੁਸਾਰ ਜਾਂਚ ਦੌਰਾਨ ਇਕਬਾਲ ਸਿੰਘ ’ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਅਤੇ ਉਸ ਦੀ ਵਿਕਰੀ ਤੋਂ ਪ੍ਰਾਪਤ ਰਕਮ ਨੂੰ ਹਵਾਲਾ ਰਾਹੀਂ ਪਾਕਿਸਤਾਨ ਤੇ ਕਸ਼ਮੀਰ ’ਚ ਹਿਜ਼ਬ-ਉਲ-ਮੁਜਾਹਿਦੀਨ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣ ਦਾ ਦੋਸ਼ ਸਾਹਮਣੇ ਆਇਆ। 23 ਅਪ੍ਰੈਲ 2020 ਨੂੰ ਅੰਮ੍ਰਿਤਸਰ ’ਚ ਸਹਿ-ਮੁਲਜ਼ਮ ਹਿਲਾਲ ਅਹਿਮਦ ਸ਼ੇਰਗੋਜਰੀ ਤੋਂ 29 ਲੱਖ ਰੁਪਏ ਬਰਾਮਦ ਹੋਏ ਸਨ। ਜਾਂਚ ਮੁਤਾਬਕ, ਇਕਬਾਲ ਸਿੰਘ ਨੇ ਸਹਿ-ਮੁਲਜ਼ਮ ਨੂੰ ਇਹ ਰਕਮ ਪਹੁੰਚਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਇਲਾਵਾ, ਇਕ ਹੋਰ ਸਹਿ-ਮੁਲਜ਼ਮ ਰਾਹੀਂ ਆਪਣੇ ਸਾਥੀ ਨੂੰ 1.14 ਕਰੋੜ ਰੁਪਏ ਟ੍ਰਾਂਸਫਰ ਕਰਨ ਦਾ ਵੀ ਦੋਸ਼ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਪੁਰਤਗਾਲ ਤੋਂ ਭਾਰਤ ਲਿਆਂਦੇ ਗਏ ਇਕਬਾਲ ਸਿੰਘ ਨੂੰ 13 ਮਈ 2026 ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰਨ ’ਤੇ ਉਸ ਦੇ ਫਰਾਰ ਹੋਣ, ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਆਧਾਰਾਂ ’ਤੇ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ।

