Iranian airline planes will no longer fly! The US has made a major announcement
ਹੁਣ ਨਹੀਂ ਉਡਣਗੇ ਈਰਾਨੀ ਏਅਰਲਾਈਨਜ਼ ਦੇ ਜਹਾਜ਼ ! ਅਮਰੀਕਾ ਨੇ ਕਰ’ਤਾ ਵੱਡਾ ਐਲਾਨ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਸਿਖਰ ‘ਤੇ ਹੈ। ਹਾਲ ਹੀ ਵਿਚ ਅਮਰੀਕਾ ਦੇ ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਚੇਤਾਵਨੀ ਦਿੱਤੀ ਹੈ ਕਿ ਇਸੇ ਹਫ਼ਤੇ ਤੋਂ ਦੁਨੀਆ ਭਰ ਵਿੱਚ ਈਰਾਨੀ ਏਅਰਲਾਈਨਜ਼ ਦਾ ਅੰਤਰਰਾਸ਼ਟਰੀ ਸੰਚਾਲਨ ਪੂਰੀ ਤਰ੍ਹਾਂ ਠੱਪ ਕੀਤਾ ਜਾ ਸਕਦਾ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਲਗਭਗ 7 ਮਹੀਨੇ ਪੂਰੇ ਹੋਣ ਵਾਲੇ ਹਨ ਅਤੇ ਵਾਸ਼ਿੰਗਟਨ ਨੇ ਈਰਾਨੀ ਏਅਰਲਾਈਨਜ਼ ਨੂੰ ਸੇਵਾਵਾਂ ਦੇਣ ਵਾਲੀਆਂ ਵਿਦੇਸ਼ੀ ਕੰਪਨੀਆਂ ਵਿਰੁੱਧ ‘ਸੈਕੰਡਰੀ ਪਾਬੰਦੀਆਂ’ ਲਗਾਉਣ ਦੀ ਧਮਕੀ ਦਿੱਤੀ ਹੈ। ਸਮਾਚਾਰ ਏਜੰਸੀ ਸੀ.ਐੱਨ.ਬੀ.ਸੀ. ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਬੇਸੈਂਟ ਨੇ ਦਾਅਵਾ ਕੀਤਾ ਕਿ ਦੁਨੀਆ ਭਰ ਵਿੱਚ ਸਾਰੀਆਂ ਈਰਾਨੀ ਏਅਰਲਾਈਨਜ਼ ਬੰਦ ਕਰ ਦਿੱਤੀਆਂ ਜਾਣਗੀਆਂ। ਅਮਰੀਕੀ ਖ਼ਜ਼ਾਨਾ ਮੰਤਰੀ ਦੀ ਇਹ ਧਮਕੀ ਸਿਰਫ਼ ਏਅਰਲਾਈਨਜ਼ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਹਵਾਈ ਅੱਡੇ, ਟਿਕਟਿੰਗ ਕੰਪਨੀਆਂ, ਬਾਲਣ ਸਪਲਾਇਰ ਅਤੇ ਹੋਰ ਸਹਾਇਕ ਕਾਰੋਬਾਰ ਵੀ ਸ਼ਾਮਲ ਹਨ। ਬੇਸੈਂਟ ਨੇ ਕਿਹਾ ਕਿ ਜੇਕਰ ਈਰਾਨੀ ਜਹਾਜ਼ ਲੈਂਡ ਕਰਦੇ ਹਨ, ਤਾਂ ਉਨ੍ਹਾਂ ਨੂੰ ਈਂਧਨ, ਲੈਂਡਿੰਗ ਸੇਵਾਵਾਂ ਜਾਂ ਟਿਕਟਾਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ, ਨਹੀਂ ਤਾਂ ਸਬੰਧਤ ਕੰਪਨੀਆਂ ਨੂੰ ਅਮਰੀਕੀ ਡਾਲਰ ਪ੍ਰਣਾਲੀ ਤੋਂ ਬਾਹਰ ਕਰ ਦਿੱਤਾ ਜਾਵੇਗਾ। ਉਨ੍ਹਾਂ ਅਨੁਸਾਰ 23 ਸਤੰਬਰ ਤੋਂ ਈਰਾਨੀ ਏਅਰਲਾਈਨਜ਼ ਨੂੰ ਪੂਰੀ ਤਰ੍ਹਾਂ ਬਾਹਰ ਕੀਤਾ ਜਾ ਸਕਦਾ ਹੈ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਵਿਰੁੱਧ ਚੱਲ ਰਹੀ ਆਰਥਿਕ ਕਾਰਵਾਈ ਦਾ ਇੱਕ ਨਵਾਂ ਹਥਿਆਰ ਹੈ। ਅਮਰੀਕਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬਾਕੀ ਰਹਿੰਦੀਆਂ ਈਰਾਨੀ ਏਅਰਲਾਈਨਜ਼ ‘ਤੇ ਵੀ ਪਾਬੰਦੀਆਂ ਲਗਾਈਆਂ ਸਨ। ਹਾਲਾਂਕਿ ਈਰਾਨ ਵੱਲੋਂ ਅਜੇ ਇਸ ਦਾ ਕੋਈ ਆਧਿਕਾਰਿਕ ਜਵਾਬ ਨਹੀਂ ਦਿੱਤਾ ਗਿਆ ਹੈ, ਪਰ ਕਈ ਦੇਸ਼ਾਂ ਨੇ ਅਮਰੀਕੀ ਚੇਤਾਵਨੀ ਤੋਂ ਬਾਅਦ ਈਰਾਨੀ ਏਅਰਲਾਈਨਜ਼ ਦੀਆਂ ਉਡਾਣਾਂ ‘ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਏ.ਐੱਫ.ਪੀ. ਅਨੁਸਾਰ ਇਰਾਕੀ ਸਰੋਤਾਂ ਨੇ ਦੱਸਿਆ ਕਿ ਬਗ਼ਦਾਦ ਈਰਾਨੀ ਉਡਾਣਾਂ ਨੂੰ ਮੁਅੱਤਲ ਕਰੇਗਾ। ਇਸੇ ਤਰ੍ਹਾਂ ਜਾਰਜੀਆ ਨੇ ਵੀ ਈਰਾਨੀ ਏਅਰਲਾਈਨਜ਼ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਹੈ। ਈਰਾਨ ਦੀ ‘ਮਹਾਨ’ ਏਅਰਲਾਈਨ ਨੇ ਤੁਰਕੀ ਸਰਕਾਰ ਦੀ ਬੇਨਤੀ ‘ਤੇ ਉੱਥੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਬੇਸੈਂਟ ਦਾ ਇਹ ਬਿਆਨ ਚੀਨ ਦੇ ਉਪ ਪ੍ਰਧਾਨ ਮੰਤਰੀ ਹੇ ਲਿਫੇਂਗ ਨਾਲ ਹੋਈ ਬੈਠਕ ਤੋਂ ਇੱਕ ਦਿਨ ਬਾਅਦ ਆਇਆ ਹੈ, ਜੋ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੇ ਸੰਮੇਲਨ ਦੀ ਤਿਆਰੀ ਵਜੋਂ ਸੀ। ਜ਼ਿਕਰਯੋਗ ਹੈ ਕਿ ਚੀਨ, ਈਰਾਨ ਦੇ ਪ੍ਰਮੁੱਖ ਆਰਥਿਕ ਅਤੇ ਡਿਪਲੋਮੈਟਿਕ ਭਾਈਵਾਲਾਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਫਰਵਰੀ ਦੇ ਅੰਤ ‘ਚ ਅਮਰੀਕੀ-ਇਜ਼ਰਾਇਲੀ ਹਮਲਿਆਂ ਵਿੱਚ ਈਰਾਨ ਦੇ ਸਰਵਉੱਚ ਨੇਤਾ ਅਤੇ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਤ ਤੋਂ ਬਾਅਦ ਜੰਗ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਈਰਾਨ ਦਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਇਸ ਦੇ ਜਵਾਬ ਵਿੱਚ ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਬਲੌਕ ਕਰ ਦਿੱਤਾ ਸੀ, ਜਿਸ ਨਾਲ ਗਲੋਬਲ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਸੀ।

