School bus full of children meets with an accident in Hoshiarpur; overturns suddenly into fields
ਹੁਸ਼ਿਆਰਪੁਰ ‘ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਅਚਾਨਕ ਖੇਤਾਂ ‘ਚ ਪਲਟੀ
ਹੁਸ਼ਿਆਰਪੁਰ (ਆਵਾਜ਼ਿ ਕੌਮ ਬਿਊਰੋ)-ਥਾਣਾ ਬੁੱਲੋਵਾਲ ਅਧੀਨ ਹੁਸ਼ਿਆਰਪੁਰ-ਦਸੂਹਾ ਮਾਰਗ ‘ਤੇ ਪਿੰਡ ਮੁਰਾਦਪੁਰ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਨਿੱਜੀ ਸਕੂਲ ਦੀ ਬੱਸ ਸੰਪਰਕ ਸੜਕ ‘ਤੇ ਬੇਕਾਬੂ ਹੋ ਕੇ ਅਚਾਨਕ ਖੇਤਾਂ ‘ਚ ਪਲਟ ਗਈ। ਇਸ ਹਾਦਸੇ ਤੋਂ ਬਾਅਦ ਬੱਚਿਆਂ ‘ਚ ਹਾਹਾਕਾਰ ਮਚ ਗਈ। ਬੱਸ ਪਲਟਣ ਉਪਰੰਤ ਬੱਸ ਚਾਲਕ ਵੱਲੋਂ ਨੇੜੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਬੱਸ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਪਰ ਲੋਕਾਂ ਮੁਤਾਬਕ ਬੱਸ ਚਾਲਕ ਬਾਅਦ ‘ਚ ਮੌਕੇ ਤੋਂ ਖ਼ਿਸਕ ਗਿਆ। ਸੂਤਰਾਂ ਮੁਤਾਬਕ ਬੱਸ ‘ਚ 35 ਤੋਂ 40 ਬੱਚੇ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪੁੱਜੀ ਅਤੇ ਹਾਦਸੇ ਬਾਰੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ‘ਚ ਭਾਰੀ ਰੋਸ ਹੈ ਅਤੇ ਉਨ੍ਹਾਂ ਦੱਸਿਆ ਕਿ ਉਕਤ ਰੂਟ ‘ਤੇ ਬੱਸ ਚਾਲਕ ਵਾਰ-ਵਾਰ ਬਦਲਿਆ ਜਾਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੰਗ ਕਰਨ ‘ਤੇ ਚਾਲਕ ਵਲੋਂ ਲਾਇਸੈਂਸ ਵੀ ਨਹੀਂ ਦਿਖਾਇਆ ਗਿਆ। ਹੋ ਸਕਦਾ ਹੈ ਕਿ ਉਸ ਕੋਲ ਲਾਇਸੈਂਸ ਵੀ ਨਾ ਹੋਵੇ। ਹਾਲਾਂਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਸਾਰੇ ਬੱਚੇ ਸੁਰੱਖਿਅਤ ਰਹੇ।

