Ranjit Sagar Dam project land acquisition case: 11 accused acquitted after 38 years
ਰਣਜੀਤ ਸਾਗਰ ਡੈਮ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਦਾ ਮਾਮਲਾ : 38 ਸਾਲ ਬਾਅਦ 11 ਮੁਲਜ਼ਮ ਬਰੀ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਜ਼ਿਲ੍ਹਾ ਅਦਾਲਤ ਨੇ ਸ਼ਾਹਪੁਰ ਕੰਡੀ ਦੇ ਫਾਗੋਟਾ ਪਿੰਡ ’ਚ ਰਣਜੀਤ ਸਾਗਰ ਡੈਮ (ਥੀਨ ਡੈਮ) ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਦੌਰਾਨ ਕਥਿਤ ਤੌਰ ’ਤੇ ਵੱਧ ਮੁਆਵਜ਼ਾ ਲੈਣ ਅਤੇ ਸਰਕਾਰ ਨੂੰ 4.11 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਨਾਲ ਸਬੰਧਿਤ 38 ਸਾਲ ਪੁਰਾਣੇ ਕੇਸ ਵਿਚ 11 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ‘ਸ਼ੱਕ ਦਾ ਲਾਭ’ ਦਿੰਦਿਆਂ ਕਿਹਾ ਕਿ ਸਰਕਾਰੀ ਧਿਰ (ਵਿਜੀਲੈਂਸ) ਦੋਸ਼ਾਂ ਨੂੰ ਠੋਸ ਸਬੂਤਾਂ ਨਾਲ ਸਾਬਿਤ ਕਰਨ ’ਚ ਅਸਫਲ ਰਹੀ। ਬਰੀ ਕੀਤੇ ਗਏ ਮੁਲਜ਼ਮਾਂ ’ਚ ਛੱਤਰ ਸਿੰਘ, ਦੀਵਾਨ ਚੰਦ, ਗੁਲਸ਼ਨ ਸਿੰਘ, ਪੂਰਨ ਸਿੰਘ, ਧਿਆਨ ਸਿੰਘ, ਸਵਰਨ ਸਿੰਘ, ਚਮਨ ਲਾਲ, ਦੇਵ ਰਾਜ ਅਤੇ ਕਿਸ਼ਨ ਚੰਦ ਸ਼ਾਮਲ ਹਨ। ਇੰਦਰਜੀਤ ਸਿੰਘ ਅਤੇ ਉਸ ਸਮੇਂ ਦੇ ਬੀ. ਡੀ. ਪੀ. ਓ. ਸ਼ਿਵ ਰਤਨ ਕੁਮਾਰ ਵੀ ਬਰੀ ਕੀਤੇ ਗਏ ਮੁਲਜ਼ਮਾਂ ’ਚ ਸ਼ਾਮਲ ਹਨ, ਜਦੋਂ ਕਿ ਇਸ ਮਾਮਲੇ ’ਚ ਵਿਜੀਲੈਂਸ ਵੱਲੋਂ 19 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਵਿਜੀਲੈਂਸ ਬਿਊਰੋ ਨੇ 2005 ’ਚ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ 1988 ਵਿਚ ਜ਼ਮੀਨ ਐਕਵਾਇਰ ਕਰਨ ਦੌਰਾਨ ਸ਼ਾਮਲਾਟ ਜ਼ਮੀਨ ਦੇ ਰਕਬੇ ਨੂੰ ਵਧਾ-ਚੜ੍ਹਾ ਕੇ ਦਿਖਾਉਣ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਮੁਕੱਦਮੇ ਦੌਰਾਨ ਵਿਜੀਲੈਂਸ ਬਿਊਰੋ ਤੇ ਸਰਕਾਰੀ ਵਕੀਲ ਵੱਲੋਂ ਅਦਾਲਤ ’ਚ ਕੁੱਲ 32 ਗਵਾਹ ਪੇਸ਼ ਕੀਤੇ ਗਏ। ਇਨ੍ਹਾਂ ’ਚ ਵਿਜੀਲੈਂਸ ਦੇ ਐੱਸ. ਪੀ, ਡੀ. ਐੱਸ. ਪੀ ਅਤੇ ਹੋਰ ਸ਼ਾਮਲ ਸਨ। ਇੰਸਪੈਕਟਰ ਤੋਂ ਇਲਾਵਾ ਨਾਇਬ ਤਹਿਸੀਲਦਾਰ, ਕਾਨੂੰਗੋ, ਮਾਲ ਪਟਵਾਰੀ ਤੇ ਪ੍ਰਾਜੈਕਟ ਨਾਲ ਜੁੜੇ ਅਧਿਕਾਰੀ ਵੀ ਇਸ ਵਿਚ ਸ਼ਾਮਲ ਸਨ। 32ਵੇਂ ਗਵਾਹ ਮਾਲ ਪਟਵਾਰੀ ਫ਼ਤਿਹ ਸਿੰਘ ਦੀ ਗਵਾਹੀ ਤੋਂ ਬਾਅਦ 27 ਫਰਵਰੀ 2025 ਨੂੰ ਸਬੂਤਾਂ ਨਾਲ ਸਬੰਧਿਤ ਕਾਰਵਾਈ ਸਮਾਪਤ ਹੋਈ। ਮੁਕੱਦਮੇ ਦੌਰਾਨ ਬਲਬੀਰ ਚੰਦ, ਬਾਬੂ ਰਾਮ, ਅਨੰਤ ਰਾਮ, ਧਿਆਨ ਸਿੰਘ, ਕਰਨੈਲ ਸਿੰਘ, ਅਸ਼ਵਨੀ ਕੁਮਾਰ, ਜੋਗਿੰਦਰ ਸਿੰਘ ਅਤੇ ਬਲਬੀਰ ਸਿੰਘ ਦਾ ਦਿਹਾਂਤ ਹੋ ਗਿਆ ਸੀ। ਨਤੀਜੇ ਵਜੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਰੋਕ ਦਿੱਤੀ ਗਈ।

