Toxic substances found in ‘Made in Pakistan’ beauty cream; lab report reveals the findings
‘ਮੇਡ ਇਨ ਪਾਕਿਸਤਾਨ’ ਦੀ ਬਿਊਟੀ ਕਰੀਮ ਮਿਲੇ ਜ਼ਹਿਰੀਲੇ ਪਦਾਰਥ, ਲੈਬ ਰਿਪੋਰਟ ‘ਚ ਹੋਇਆ ਖੁਲਾਸਾ
ਨਾਂਦੇੜ (ਆਵਾਜ਼ਿ ਕੌਮ ਬਿਊਰੋ)-ਲਗਭਗ ਚਾਰ ਮਹੀਨੇ ਪਹਿਲਾਂ ਜ਼ਬਤ ਕੀਤੇ ਗਏ ‘ਮੇਡ ਇਨ ਪਾਕਿਸਤਾਨ’ ਲੇਬਲ ਵਾਲੇ ਬਿਊਟੀ ਉਤਪਾਦਾਂ ‘ਚ ਪਾਰਾ ਅਤੇ ਆਰਸੇਨਿਕ ਸਮੇਤ ਜ਼ਹਿਰੀਲੀਆਂ ਭਾਰੀ ਧਾਤਾਂ ਦਾ ਪੱਧਰ ਖ਼ਤਰਨਾਕ ਰੂਪ ਤੋਂ ਵੱਧ ਪਾਇਆ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਪ੍ਰਯੋਗਸ਼ਾਲਾ ਰਿਪੋਰਟ ‘ਚ ਸਾਹਮਣੇ ਆਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 9 ਜੁਲਾਈ ਨੂੰ ਨਾਂਦੇੜ ਦੇ ਮੱਕਾ ਗਲੀ ਖੇਤਰ ‘ਚ ਅਫਰਾਹ ਕਲੈਕਸ਼ਨ (ਅਫਰਾਹ ਟੂਰਸ ਐਂਡ ਟ੍ਰੈਵਲਜ਼) ‘ਤੇ ਛਾਪੇਮਾਰੀ ਦੌਰਾਨ ਲਗਭਗ 39.69 ਲੱਖ ਰੁਪਏ ਦੇ ਉਤਪਾਦ ਜ਼ਬਤ ਕੀਤੇ ਗਏ ਸਨ। ਪੁਲਸ ਦੇ ਅਨੁਸਾਰ, ਛਾਪੇਮਾਰੀ ਦੌਰਾਨ ਲਏ ਗਏ ਨਮੂਨਿਆਂ ਦੀ ਪ੍ਰਯੋਗਸ਼ਾਲਾ ਜਾਂਚ ‘ਚ 2 ਬਿਊਟੀ ਕਰੀਮਾਂ ‘ਚ ਪਾਰੇ ਦੀ ਮਾਤਰਾ ਖ਼ਤਰਨਾਕ ਰੂਪ ਤੋਂ ਵੱਧ ਪਾਈ ਗਈ, ਜੋ ਕਾਸਮੈਟਿਕਸ ਨਿਯਮਾਂ ‘ਚ ਤੈਅ ਮਨਜ਼ੂਰ ਸੀਮਾ ਤੋਂ ਕਿਤੇ ਵੱਧ ਸੀ। ‘ਪਾਰਲੇ 24K ਗੋਲਡ ਗਲੀਮ ਬਿਊਟੀ ਕਰੀਮ’ ‘ਚ ਪਾਰੇ ਦੀ 48,453.44 ਪਾਰਟਸ ਪ੍ਰਤੀ ਮਿਲੀਅਨ (ਪੀਪੀਐੱਮ) ਪਾਏ ਗਏ, ਜਦੋਂ ਕਿ ਮਨਜ਼ੂਰ ਸੀਮਾ 1 ਪੀਪੀਐੱਮ ਹੈ। ਇਸੇ ਤਰ੍ਹਾਂ ‘ਲਾਈਕੋਪੀਨ ਵਾਲੀ ਗੋਰੀ ਬਿਊਟੀ ਕਰੀਮ’ ‘ਚ 6,924.94 ਪੀਪੀਐੱਮ ਪਾਰੇ ਦੀ ਮਾਤਰਾ ਪਾਈ ਗਈ। ਪੁਲਸ ਨੇ ਦੱਸਿਆ ਕਿ ਇਹ ਛਾਪਾ ਇਟਵਾਰਾ ਪੁਲਸ ਸਟੇਸ਼ਨ ਦੀ ਇਕ ਟੀਮ ਵਲੋਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਦੁਕਾਨ ਦੇ ਮਾਲਕ ਮੁਹੰਮਦ ਜ਼ਿਆਉਦੀਨ ਮੁਹੰਮਦ ਵਾਜਿਦ ਕੋਲੋਂ ਅਜਿਹੇ ਸੁੰਦਰਤਾ ਉਤਪਾਦ ਮਿਲੇ, ਜਿਨ੍ਹਾਂ ‘ਤੇ ਉਰਦੂ ਅਤੇ ਅੰਗਰੇਜ਼ੀ ‘ਚ ਲੇਬਲ ‘ਚ ਉਨ੍ਹਾਂ ਦੇ ਪਾਕਿਸਤਾਨ ‘ਚ ਬਣੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਖੋਜਾਂ ਨਕਲੀ ਉਤਪਾਦਾਂ ਦੇ ਸੰਭਾਵੀ ਸਿਹਤ ਜੋਖਮਾਂ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਸਮੈਟਿਕਸ ਰਾਹੀਂ ਪਾਰੇ ਅਤੇ ਆਰਸੇਨਿਕ ਦੇ ਲੰਬੇ ਸਮੇਂ ਤੱਕ ਸੰਪਰਕ ਗੰਭੀਰ ਚਮੜੀ ਰੋਗ, ਗੁਰਦੇ ਨੂੰ ਨੁਕਸਾਨ ਅਤੇ ਤੰਤਰਿਕਾ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪੁਲਸ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ, ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਵਿਦੇਸ਼ੀ ਵਪਾਰ (ਵਿਕਾਸ ਅਤੇ ਨਿਯਮ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਨਾਗਰਿਕਾਂ ਨੂੰ ਨਕਲੀ, ਬਿਨਾਂ ਲਾਇਸੈਂਸ ਵਾਲੇ ਜਾਂ ਸ਼ੱਕੀ ਆਯਾਤ ਉਤਪਾਦਾਂ ਦੀ ਵਿਕਰੀ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।

