Money laundering case: ED questions SP leader Azam Khan
ਮਨੀ ਲਾਂਡਰਿੰਗ ਮਾਮਲਾ, ਸਪਾ ਆਗੂ ਆਜ਼ਮ ਖ਼ਾਨ ਤੋਂ ED ਨੇ ਕੀਤੀ ਪੁੱਛਗਿੱਛ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਆਜ਼ਮ ਖ਼ਾਨ (78) ਤੋਂ ਸ਼ੁੱਕਰਵਾਰ ਨੂੰ ਦਿੱਲੀ ਸਥਿਤ ਆਪਣੇ ਮੁੱਖ ਦਫ਼ਤਰ ਵਿਚ ਪੁੱਛਗਿੱਛ ਕੀਤੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਨੂੰ ਵੀਰਵਾਰ ਨੂੰ ਗਾਜ਼ੀਆਬਾਦ ਦੀ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ.) ਨਾਲ ਸਬੰਧਤ ਵਿਸ਼ੇਸ਼ ਅਦਾਲਤ ਨੇ 4 ਦਿਨਾਂ ਲਈ ਈ.ਡੀ. ਦੀ ਹਿਰਾਸਤ ਵਿਚ ਭੇਜ ਦਿੱਤਾ ਸੀ। ਕੇਂਦਰੀ ਏਜੰਸੀ ਨੇ 31 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੀ ਰਾਮਪੁਰ ਜੇਲ ਦੇ ਬਾਹਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਡਾਸਨਾ ਜੇਲ੍ਹ ਵਿਚ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵਡੇਰੀ ਉਮਰ ਅਤੇ ਇਸ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਕਾਰਨ ਆਜ਼ਮ ਖ਼ਾਨ ਨੂੰ ਲਖਨਊ ਸਥਿਤ ਈ.ਡੀ. ਦਫ਼ਤਰ ਨਹੀਂ ਲਿਜਾਇਆ ਗਿਆ, ਜਿੱਥੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਹੈ। ਈ.ਡੀ. ਦਾ ਦੋਸ਼ ਹੈ ਕਿ ਸਰਕਾਰੀ ਕੰਮਾਂ ਲਈ ਜਾਰੀ ਫੰਡਾਂ ਦੀ ਵਰਤੋਂ ਰਾਮਪੁਰ ਵਿਚ ਆਜ਼ਮ ਖ਼ਾਨ ਵੱਲੋਂ ਚਲਾਈ ਜਾ ਰਹੀ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਬਣਾਉਣ ਲਈ ਕੀਤੀ ਗਈ।

