Soldier who rebuked US Defense Secretary receives medal; Hegseth personally presents the honor
ਅਮਰੀਕੀ ਰੱਖਿਆ ਮੰਤਰੀ ਨੂੰ ਝਿੜਕਣ ਵਾਲੇ ਜਵਾਨ ਨੂੰ ਮੈਡਲ, ਹੇਗਸੇਥ ਨੇ ਖੁਦ ਕੀਤਾ ਸਨਮਾਨਿਤ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਫੌਜ ਦੇ ਉਸ ਜਵਾਨ ਨੂੰ ਮੈਡਲ ਦਿੱਤਾ ਹੈ, ਜਿਸ ਨੇ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਚੁੱਪ ਰਹਿਣ ਲਈ ਕਿਹਾ ਸੀ। ਦਰਅਸਲ, 11 ਨਵੰਬਰ ਨੂੰ ਵੈਟਰਨਜ਼ ਡੇ ਮੌਕੇ ਹੇਗਸੇਥ ਅਤੇ ਉਨ੍ਹਾਂ ਦੀ ਟੀਮ ਦੇ ਕੁਝ ਲੋਕ ਜੰਗੀ ਯਾਦਗਾਰ ਦੇ ਕੋਲ ਆਪਸ ’ਚ ਗੱਲਾਂ ਕਰ ਰਹੇ ਸਨ ਅਤੇ ਹੱਸ ਰਹੇ ਸਨ। ਇਹ ਦੇਖ ਕੇ ਉੱਥੇ ਡਿਊਟੀ ’ਤੇ ਤਾਇਨਾਤ ਜਵਾਨ ਥਾਮਸ ਇਗਲੇਸੀਅਸ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ। ਇਸ ਤੋਂ ਬਾਅਦ ਹੇਗਸੇਥ ਨੇ ਥਾਮਸ ਨੂੰ ਪੈਂਟਾਗਨ ਬੁਲਾਇਆ ਅਤੇ ਉਸ ਨੂੰ ‘ਜੁਆਇੰਟ ਸਰਵਿਸ ਕਮੈਂਡੇਸ਼ਨ ਮੈਡਲ’ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਸਨਮਾਨ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ। ਹੇਗਸੇਥ ਨੇ ਲਿਖਿਆ, ‘ਅਸੀਂ ਆਪਣੇ ਜਵਾਨਾਂ ਨੂੰ ਪਿਆਰ ਕਰਦੇ ਹਾਂ। ਸਾਨੂੰ ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਪਸੰਦ ਹੈ। ਸ਼ਾਬਾਸ਼ ਸਪੈਸ਼ਲਿਸਟ, ਆਪਣਾ ਕੰਮ ਕਰਦੇ ਰਹੋ।’ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੈਂਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਵੀ ਜਵਾਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਗਲੇਸੀਅਸ ਨੇ ਸਹੀ ਤਰੀਕੇ ਨਾਲ ਲੋਕਾਂ ਨੂੰ ਉੱਥੇ ਸ਼ਾਂਤੀ ਬਣਾਈ ਰੱਖਣ ਦੀ ਯਾਦ ਦਿਵਾਈ ਸੀ। ਦਰਅਸਲ, ਇਸ ਸਮਾਧੀ ’ਤੇ ਤਾਇਨਾਤ ਜਵਾਨਾਂ ਦਾ ਕੰਮ ਸਿਰਫ਼ ਪਹਿਰਾ ਦੇਣਾ ਨਹੀਂ ਹੈ, ਉਨ੍ਹਾਂ ਨੂੰ ਇਹ ਵੀ ਦੇਖਣਾ ਹੁੰਦਾ ਹੈ ਕਿ ਉੱਥੇ ਆਉਣ ਵਾਲੇ ਲੋਕ ਰੌਲਾ ਨਾ ਪਾਉਣ ਅਤੇ ਸ਼ਾਂਤੀ ਬਣਾਈ ਰੱਖਣ। ਇਸ ਲਈ ਇਗਲੇਸੀਅਸ ਨੇ ਹੇਗਸੇਥ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੂੰ ਵੀ ਉਹੀ ਕਰਨ ਲਈ ਕਿਹਾ, ਜੋ ਉਹ ਬਾਕੀ ਲੋਕਾਂ ਨੂੰ ਕਹਿੰਦੇ ਹਨ।

