Soil pile collapses during illegal gold mining in Pakistan; 3 workers killed
ਪਾਕਿਸਤਾਨ ’ਚ ਸੋਨੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਦੌਰਾਨ ਮਿੱਟੀ ਦਾ ਢੇਰ ਡਿੱਗਿਆ, 3 ਮਜ਼ਦੂਰਾਂ ਦੀ ਮੌਤ
ਪਿਸ਼ਾਵਰ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ ਜ਼ਿਲੇ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਸੋਨੇ ਦੀ ਖੁਦਾਈ ਕਰਨ ਦੌਰਾਨ ਮਿੱਟੀ ਦਾ ਢੇਰ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਮਜ਼ਦੂਰ ਦਾਰਾ-ਬੋਕਾਚ ਇਲਾਕੇ ’ਚ ਸੋਨੇ ਦੀ ਖੁਦਾਈ ਕਰ ਰਹੇ ਸਨ, ਉਦੋਂ ਹੀ ਅਚਾਨਕ ਮਿੱਟੀ ਦਾ ਇਕ ਵੱਡਾ ਢੇਰ ਡਿੱਗ ਗਿਆ ਅਤੇ ਉਹ ਮਲਬੇ ਹੇਠ ਦੱਬ ਗਏ। ਗੰਬਿਟ ਪੁਲਸ ਨੇ ਦੱਸਿਆ ਕਿ ਤਿੰਨਾਂ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਮਲਬੇ ’ਚੋਂ ਕੱਢ ਕੇ ਸਥਾਨਕ ਹਸਪਤਾਲ ਪਹੁੰਚਾਈਆਂ ਗਈਆਂ। ਪੁਲਸ ਮੁਤਾਬਕ, ਇਸੇ ਸਾਲ ਜਨਵਰੀ ਵਿਚ ਗੰਬਿਟ ਇਲਾਕੇ ਵਿਚ ਸੋਨੇ ਦੀ ਖੁਦਾਈ ਦੌਰਾਨ ਮਿੱਟੀ ਦਾ ਢੇਰ ਡਿੱਗਣ ਦੀ ਅਜਿਹੀ ਹੀ ਘਟਨਾ ਵਾਪਰੀ ਸੀ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ।

