Driven by greed for property, a son murdered his father; he carried out the crime in collusion with his wife and brother-in-law
ਜਾਇਦਾਦ ਦੇ ਲਾਲਚ ’ਚ ਪੁੱਤ ਨੇ ਕਰ ‘ਤਾ ਪਿਓ ਦਾ ਕਤਲ, ਪਤਨੀ-ਸਾਲੇ ਨਾਲ ਮਿਲ ਵਾਰਦਾਤ ਨੂੰ ਦਿੱਤਾ ਅੰਜਾਮ
ਜੈਤੋ (ਆਵਾਜ਼ਿ ਕੌਮ ਬਿਊਰੋ)-ਪਿੰਡ ਮੱਤਾ ਵਿਚ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੀ ਪੁਲਸ ਜਾਂਚ ਵਿਚ ਸਨਸਨੀਖੇਜ਼ ਕਤਲ ਦਾ ਖੁਲਾਸਾ ਹੋਇਆ ਹੈ। ਹਰਜਿੰਦਰ ਸਿੰਘ ਦਾ ਕਤਲ ਪਰਿਵਾਰਕ ਝਗੜੇ ਅਤੇ ਜਾਇਦਾਦ ਦੀ ਲਾਲਸਾ ਕਾਰਨ ਗਲਾ ਘੁੱਟ ਕੇ ਕੀਤਾ ਗਿਆ ਸੀ। ਮ੍ਰਿਤਕ ਦੀ ਵਿਆਹੁਤਾ ਧੀ ਸੁਖਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਪੁੱਤਰ ਹਰਵਿੰਦਰ ਸਿੰਘ ਅਤੇ ਨੂੰਹ ਕੋਮਲ ਸਮੇਤ ਪੰਜ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ 22 ਨਵੰਬਰ ਦੀ ਸਵੇਰੇ ਭਰਾ ਨੇ ਫ਼ੋਨ ਕਰ ਕੇ ਝੂਠੀ ਖ਼ਬਰ ਦਿੱਤੀ ਕਿ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਘਰ ਪਹੁੰਚਣ ’ਤੇ ਧੀ ਨੇ ਆਪਣੇ ਪਿਤਾ ਦੀ ਗਰਦਨ ’ਤੇ ਨਿਸ਼ਾਨ ਦੇਖੇ, ਜਿਸ ਨਾਲ ਉਸ ਨੂੰ ਆਪਣੇ ਪਿਓ ਦਾ ਕਤਲ ਹੋਣ ਦਾ ਸ਼ੱਕ ਪੈਦਾ ਹੋਇਆ। ਜਾਂਚ ਵਿਚ ਪਤਾ ਲੱਗਾ ਕਿ ਪੁੱਤਰ ਅਤੇ ਨੂੰਹ ਅਕਸਰ ਪਿਤਾ ਨਾਲ ਘਰ ਆਪਣੇ ਨਾਂ ਕਰਵਾਉਣ ਅਤੇ ਪੈਸਿਆਂ ਲਈ ਝਗੜਾ ਕਰਦੇ ਸਨ। 21 ਨਵੰਬਰ ਦੀ ਰਾਤ ਨੂੰ ਨੂੰਹ ਕੋਮਲ ਨੇ ਆਪਣੇ ਸਹੁਰੇ ਦੀ ਚਾਹ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ, ਉਸ ਦੇ ਸਾਲੇ, ਚਰਨਜੀਤ ਸਿੰਘ ਅਤੇ ਦੋ ਹੋਰ ਸਾਥੀਆਂ ਨੇ ਬਜ਼ੁਰਗ ਵਿਅਕਤੀ ਦੇ ਹੱਥ ਅਤੇ ਪੈਰ ਫੜ ਲਏ ਅਤੇ ਕੋਮਲ ਨੇ ਉਸ ਨੂੰ ਪਰਨੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰਜੇ ਹੋਏ ਡੀ. ਐੱਸ. ਪੀ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੁਲਜ਼ਮ ਪੁੱਤਰ ਅਤੇ ਉਸ ਦੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਤਿੰਨ ਫਰਾਰ ਸ਼ੱਕੀਆਂ ਦੀ ਭਾਲ ਜਾਰੀ ਹੈ।

